ਸ਼ਸ਼ੀ ਪਾਲ ਜੈਨ
ਖਰੜ, 18 ਅਕਤੂਬਰ
ਖਰੜ-ਮੋਰਿੰਡਾ ਰੋਡ ਉੱਤੇ ਪਿੰਡ ਭਾਗੋਮਾਜਰਾ ਵਿਚ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਟੌਲ ਪਲਾਜ਼ਾ ਨੂੰ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਬੰਦ ਕੀਤਾ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਦਿਨ-ਰਾਤ ਉਥੇ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਚੌਲਾਂ ਨਾਲ ਲੱਦੇ ਹੋਏ ਦੋ ਟਰਾਲੇ, ਜੋ ਬਿਹਾਰ ਤੋਂ ਆਏ ਸਨ, ਨੂੰ ਟੋਲ ਪਲਾਜ਼ਾ ਉੱਤੇ ਕਿਸਾਨਾਂ ਵੱਲੋਂ ਰੋਕ ਕੇ ਇਸ ਸਬੰਧੀ ਪੁਲੀਸ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਨੇ ਦੱਸਿਆ ਕਿ ਜਦੋਂ ਇਹ ਟਰਾਲੇ ਇੱਥੋਂ ਲੰਘਣ ਲੱਗੇ ਤਾਂ ਕਿਸਾਨਾਂ ਨੇ ਕਾਗਜ਼ ਚੈੱਕ ਕੀਤੇ ਅਤੇ ਦੇਖਿਆ ਗਿਆ ਕਿ ਇਹ ਚਾਵਲ ਭਾਗਲਪੁਰ ਤੋਂ ਜੰਮੂ ਅਤੇ ਕਸ਼ਮੀਰ ਲਈ ਲਿਜਾਏ ਜਾ ਰਹੇ ਸਨ। ਉਨ੍ਹਾਂ ਦੱਸਿਆਂ ਕਿ ਜੰਮੂ ਅਤੇ ਕਸ਼ਮੀਰ ਦੇ ਕਿਸ ਇਲਾਕੇ ਵਿੱਚ ਇਹ ਚੌਲ ਜਾ ਰਹੇ ਸਨ, ਇਸ ਬਾਰੇ ਦਸਤਾਵੇਜ਼ਾਂ ਵਿੱਚ ਕੁਝ ਨਹੀਂ ਲਿਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਥਾਨਕ ਪੁਲੀਸ ਅਤੇ ਮਾਰਕੀਟ ਕਮੇਟੀ ਨੂੰ ਸੂਚਿਤ ਕੀਤਾ ਗਿਆ ਹੈ।
ਪੁਲੀਸ ਵੱਲੋਂ ਮੌਕੇ ’ਤੇ ਬਿਆਨ ਦਰਜ ਕੀਤੇ ਗਏ ਪਰ ਕਿਸਾਨਾਂ ਮੁਤਾਬਕ ਮਾਰਕੀਟ ਕਮੇਟੀ ਦਾ ਕੋਈ ਅਧਿਕਾਰੀ ਇਥੇ ਨਹੀਂ ਪਹੁੰਚਿਆ। ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਟਰਾਲਿਆਂ ਨੇ ਇੱਕ ਡਿਜ਼ਾਇਰ ਗੱਡੀ ਵੀ ਅੱਗੇ ਜਾ ਰਹੀ ਸੀ ਜੋ ਟਰਾਲੇ ਰੋਕਣ ’ਤੇ ਖਰੜ ਵੱਲ ਚਲੀ ਗਈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਚਾਵਲ ਬਿਹਾਰ ਤੋਂ ਜੰਮੂ ਕਸ਼ਮੀਰ ਲਈ ਖਰੜ ਸਾਈਡ ਤੋਂ ਕਿਵੇਂ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਇਹ ਬਿਹਾਰ ਤੋਂ ਜੰਮੂ ਕਸ਼ਮੀਰ ਜਾ ਰਹੇ ਸਨ ਤਾਂ ਰੂਟ ਕੋਈ ਹੋਰ ਹੋਣਾ ਚਾਹੀਦਾ ਸੀ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਇਸ ਗੱਲ ਦੀ ਜਾਂਚ ਕਰਨ ਕਿ ਇਹ ਮਾਲ ਕਾਨੂੰਨੀ ਤੌਰ ’ਤੇ ਜਾ ਰਿਹਾ ਸੀ ਜਾਂ ਗੈਰਕਾਨੂੰਨੀ ਤੌਰ ’ਤੇ ਜਾ ਰਿਹਾ ਸੀ। ਊਨ੍ਹਾਂ ਕਿਹਾ ਕਿ ਫਿਲਹਾਲ ਇਹ ਟਰਾਲੇ ਭਾਗੋਮਾਜਰਾ ਟੌਲ ਪਲਾਜ਼ਾ ’ਤੇ ਹੀ ਖੜ੍ਹੇ ਰਹਿਣਗੇ।