ਮੁੱਖ ਅੰਸ਼
- ਬੈਸਟ ਪ੍ਰਾਈਸ ਮਾਲ ਦੇ ਨੌਕਰੀਓਂ ਕੱਢੇ ਮੁਲਾਜ਼ਮ ਬਹਾਲ ਕਰਨ ’ਤੇ ਅੜੀ ਕਿਸਾਨ ਯੂਨੀਅਨ ਉਗਰਾਹਾਂ
- ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਭਾਲੀ ਮੁਜ਼ਾਹਰੇ ਦੀ ਕਮਾਨ
- ਡੇਰਾਬੱਸੀ ਵਿੱਚ ਕਿਸਾਨਾਂ ਅਤੇ ਅਕਾਲੀ ਦਲ ਵਿਚਾਲੇ ਹੋਈ ਤਕਰਾਰ
-
ਕੌਂਸਲਰ ’ਤੇ ਕਿਸਾਨਾਂ ਨਾਲ ਬਦਸਲੂਕੀ ਦੇ ਦੋਸ਼; ਪੁਲੀਸ ਦੇ ਬੈਰੀਕੇਡ ਤੋੜ ਕੇ ਵਿਧਾਇਕ ਦਾ ਦਫ਼ਤਰ ਘੇਰਿਆ
ਹਰਜੀਤ ਸਿੰਘ
ਜ਼ੀਰਕਪੁਰ, 30 ਸਤੰਬਰ
ਸ਼ਹਿਰ ਵਾਸੀਆਂ ਨੂੰ ਅੱਜ ਸਾਰਾ ਦਿਨ ਜਾਮ ਨਾਲ ਖੱਜਲ ਹੋਣਾ ਪਿਆ। ਸ਼ਹਿਰ ਵਿੱਚ ਅੱਜ ਪਹਿਲਾਂ ਇਲਾਕੇ ਦੇ ਕਿਸਾਨਾਂ ਨੇ ਅਕਾਲੀ ਦਲ ਨਾਲ ਤਕਰਾਰ ਮਗਰੋਂ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਦਫ਼ਤਰ ਮੁੂਹਰੇ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਨੂੰ ਜਾਮ ਕਰ ਦਿੱਤਾ। ਇਸ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਘੰਟਿਆਂਬੱਧੀ ਜਾਮ ਵਿੱਚ ਪ੍ਰੇਸ਼ਾਨ ਹੋਣਾ ਪਿਆ। ਜਾਮ ਦੌਰਾਨ ਸ਼ਹਿਰ ਦੀਆਂ ਸੜਕਾਂ ਅਤੇ ਫਲਾਈਓਵਰ ਦੇ ਉੱਪਰ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ। ਦੇਰ ਸ਼ਾਮ ਜ਼ੋਰਦਾਰ ਮੀਂਹ ਕਾਰਨ ਕਿਸਾਨਾਂ ਨੇ ਜਾਮ ਖੋਲ੍ਹਦੇ ਹੋਏ ਧਰਨਾ ਚੁੱਕ ਲਿਆ। ਪਰ ਇਸ ਦੌਰਾਨ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁੜ ਜਾਮ ਲੱਗ ਗਿਆ। ਸ਼ਹਿਰ ਵਾਸੀਆਂ ਨੇ ਅੱਜ ਪੰਜ ਮਿੰਟ ਦਾ ਸਫਰ ਤੈਅ ਕਰਨ ਲਈ ਘੰਟਿਆਂਬੱਧੀ ਪ੍ਰੇਸ਼ਾਨ ਹੋਣਾ ਪਿਆ। ਦੂਜੇ ਪਾਸੇ ਟਰੈਫਿਕ ਪੁਲੀਸ ਜਾਮ ਨੂੰ ਕਾਬੂ ਕਰਨ ਵਿੱਚ ਨਾਕਾਮ ਸਾਬਤ ਹੋਈ।
ਪਹਿਲਾ ਧਰਨਾ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਸਥਿਤ ਵਾਲਮਾਰਟ ਬੈਸਟ ਪ੍ਰਾਈਸ ਸਟੋਰ ਦੇ ਮੁੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਾਇਆ ਗਿਆ। ਮੁਜ਼ਾਹਰਾਕਾਰੀ ਕਿਸਾਨਾਂ ਦੀ ਅਗਵਾਈ ਪਾਰਟੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੀਤੀ ਗਈ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਵਾਲਮਾਰਟ ਬੈਸਟ ਪ੍ਰਾਈਸ ਦੇ ਬਠਿੰਡਾ ਸਟੋਰ ਵੱਲੋਂ ਉਥੇ ਕੰਮ ਕਰਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਤੋਂ ਧੱਕੇ ਨਾਲ ਅਸਤੀਫਿਆਂ ’ਤੇ ਹਸਤਾਖ਼ਰ ਕਰਵਾਏ ਗਏ ਹਨ। ਦੁਪਹਿਰ ਇਕ ਵਜੇ ਤੇ ਕਰੀਬ ਮੁਜ਼ਹਰਾਕਾਰੀ ਕਿਸਾਨ ਵੱਡੀ ਗਿਣਤੀ ਵਿੱਚ ਬੈਸਟ ਪ੍ਰਾਈਸ ਸਟੋਰ ਦੇ ਬਾਹਰ ਪਹੁੰਚੇ ਸੀ ਜਿਸ ਕਾਰਨ ਖਰੀਦਦਾਰੀ ਕਰਨ ਆਏ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਸ਼ੁਰੂਆਤੀ ਦੌਰ ਵਿੱਚ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਕਿਸਾਨਾਂ ਦੀ ਤਾਦਾਦ ਵਧਦਿਆਂ ਦੇਖ ਪੁਲੀਸ ਬੈਕਫੁੱਟ ’ਤੇ ਆ ਗਈ ਅਤੇ ਕਿਸਾਨਾਂ ਨੂੰ ਧਰਨਾ ਲਾਉਣ ਦੀ ਇਜਾਜ਼ਤ ਦੇ ਦਿੱਤੀ। ਸ੍ਰੀ ਉਗਰਾਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੀਕਰੀ ਬਾਰਡਰ ਦੇ ਨਾਲ ਇਥੇ ਵੀ ਪੱਕਾ ਧਰਨਾ ਦਿੱਤਾ ਜਾਏਗਾ।
ਇਸੇ ਦੌਰਾਨ ਦੂਜਾ ਧਰਨਾ ਅਕਾਲੀ ਦਲ ਦੇ ਵਿਧਾਇਕ ਐਨਕੇ ਸ਼ਰਮਾ ਦੇ ਦਫ਼ਤਰ ਦੇ ਬਾਹਰ ਲੱਗਿਆ। ਇਲਾਕੇ ਦੇ ਕਿਸਾਨਾਂ ਅਤੇ ਅਕਾਲੀ ਦਲ ਵਿਚਕਾਰ ਤਕਰਾਰ ਹੋ ਗਈ। ਇਸ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਦਫਤਰ ਦਾ ਘਿਰਾਓ ਕੀਤਾ। ਜਾਣਕਾਰੀ ਅਨੁਸਾਰ ਲੰਘੀ 27 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਮੁਬਾਰਿਕਪੁਰ ਖੇਤਰ ਵਿੱਚ ਕਿਸਾਨਾਂ ਦੀ ਅਕਾਲੀ ਦਲ ਦੇ ਕੌਂਸਲਰ ਮਨਵਿੰਦਰ ਸਿੰਘ ਟੋਨੀ ਰਾਣਾ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸ੍ਰੀ ਰਾਣਾ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਅੱਜ ਇਸ ਮਸਲੇ ਦੇ ਹੱਲ ਲਈ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੱਪਰ ਟੌਲ ਪਲਾਜ਼ਾ ’ਤੇ ਕਿਸਾਨਾਂ ਕੋਲ ਗਏ ਸੀ ਜਿਥੇ ਅਕਾਲੀ ਦਲ ਦਾ ਸਬੰਧਿਤ ਕੌਂਸਲਰ ਨਾ ਪਹੁੰਚਣ ਕਾਰਨ ਕਿਸਾਨ ਭੜਕ ਗਏ। ਉਨ੍ਹਾਂ ਵੱਲੋਂ ਮੌਕੇ ’ਤੇ ਹਲਕਾ ਵਿਧਾਇਕ ਸ੍ਰੀ ਸ਼ਰਮਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮਾਹੌਲ ਖ਼ਰਾਬ ਹੁੰਦਾ ਦੇਖ ਸ੍ਰੀ ਸ਼ਰਮਾ ਮੌਕੇ ਤੋਂ ਚਲੇ ਗਏ। ਇਸ ਮਗਰੋਂ ਕਿਸਾਨਾਂ ਵੱਲੋਂ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਜ਼ੀਰਕਪੁਰ ਦੇ ਦਫਤਰ ਬਾਹਰ ਧਰਨਾ ਦੇ ਦਿੱਤਾ। ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਵੀ ਲਾਏ ਪਰ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਸ਼ਰਮਾ ਦੇ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ। ਦੇਰ ਸ਼ਾਮ ਨੂੰ ਮੀਂਹ ਪੈਣ ਦੌਰਾਨ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਦੌਰਾਨ ਮੁਜ਼ਹਰਾਕਾਰੀ ਕਿਸਾਨਾਂ ਨੇ ਕਿਹਾ ਕਿ ਇਸ ਮਸਲੇ ’ਤੇ ਅਗਲੀ ਰਣਨੀਤੀ ਬਣਾਉਣ ਲਈ ਵੱਖ ਵੱਖ ਜਥੇਬੰਦੀਆਂ ਦੀ ਅਜੀਜ਼ਪੁਰ ਟੌਲ ਪਲਾਜ਼ਾ ’ਤੇ ਮੀਟਿੰਗ ਰੱਖੀ ਗਈ ਹੈ।
ਇਸ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਮੁਬਾਰਿਕਪੁਰ ਵਿੱਚ ਇਕ ਗਰਭਵਤੀ ਔਰਤ ਨੂੰ ਲੰਘਾਉਣ ਕਾਰਨ ਅਕਾਲੀ ਕੌਂਸਲਰ ਦੀ ਕਿਸਾਨਾਂ ਨਾਲ ਤਕਰਾਰ ਹੋਈ ਸੀ ਜਿਸ ਵੱਲੋਂ ਕਿਸੇ ਵੀ ਕਿਸਾਨ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ। ਮੌਕੇ ’ਤੇ ਕਿਸਾਨਾਂ ਵੱਲੋਂ ਇਸ ਮਸਲੇ ਨੂੰ ਹੱਲ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਕੁਝ ਸਿਆਸੀ ਆਗੂਆਂ ਵੱਲੋਂ ਕੁਝ ਵਿਸ਼ੇਸ਼ ਵਿਅਕਤੀਆਂ ਨੂੰ ਗੁੰਮਰਾਹ ਕਰ ਇਹ ਧਰਨਾ ਲਗਵਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਜਿਨ੍ਹਾਂ ਵੱਲੋਂ ਹੁਣ ਵੀ ਲਗਾਤਾਰ ਕਿਸਾਨਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।