ਜਗਮੋਹਨ ਸਿੰਘ
ਘਨੌਲੀ, 24 ਅਕਤੂਬਰ
ਪੰਜਾਬ ਸਰਕਾਰ ਵੱਲੋਂ ਆਪਣੇ ਸੂਬੇ ਦੀਆਂ ਮੰਡੀਆਂ ਵਿੱਚ ਬਾਹਰੀ ਰਾਜਾਂ ਦੇ ਝੋਨੇ ਦੀ ਆਮਦ ਪੱਕੇ ਤੌਰ ’ਤੇ ਬੰਦ ਕਰ ਦੇਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਆਪਣੀ ਝੋਨੇ ਦੀ ਫਸਲ ਵੇਚਣੀ ਔਖੀ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਭਾਵੇਂ ਆਪਣੇ ਸੂਬੇ ਦੇ ਕਿਸਾਨਾਂ ਦੀ ਫਸਲ ਖਰੀਦਣ ਲਈ ਨਾਲਾਗੜ੍ਹ ਵਿਖੇ ਅਨਾਜ ਮੰਡੀ ਵੀ ਖੋਲ੍ਹ ਦਿੱਤੀ ਹੈ, ਪਰ ਕਿਸਾਨਾਂ ਦੀ ਸਮੱਸਿਆ ਹੱਲ ਨਹੀਂ ਹੋਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁਰਮੁੱਖ ਸਿੰਘ ਦਬੋਟਾ ਅਤੇ ਮੰਡੀ ਵਿੱਚ ਫਸਲ ਵੇਚਣ ਲਈ ਵਾਰੀ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਭੁਪਿੰਦਰ ਸਿੰਘ ਠਾਕੁਰ ਤੇ ਸੁਰਜੀਤ ਸਿੰਘ ਬੱਦੀ ਨੇ ਦੱਸਿਆ ਕਿ ਪੰਜਾਬ ਦੀ ਸਰਹੱਦ ਨਾਲ ਲਗਦਾ ਹਿਮਾਚਲ ਪ੍ਰਦੇਸ਼ ਦਾ ਇਲਾਕਾ ਪੱਧਰਾ ਹੋਣ ਕਾਰਨ ਇਸ ਖੇਤਰ ਵਿੱਚ ਕਿਸਾਨਾਂ ਆਪਣੇ ਖੇਤਾਂ ਵਿੱਚ ਝੋਨਾ ਅਤੇ ਕਣਕ ਦੀਆਂ ਫਸਲਾਂ ਬੀਜਦੇ ਹਨ ਅਤੇ ਬਹੁਤ ਸਾਰੇ ਕਿਸਾਨਾਂ ਨੇ ਘਨੌਲੀ ਅਤੇ ਭਰਤਗੜ੍ਹ ਖੇਤਰ ਦੇ ਪਿੰਡਾਂ ਵਿੱਚ ਵੀ ਜ਼ਮੀਨਾਂ ਖਰੀਦੀਆਂ ਹੋਈਆਂ ਹਨ। ਹਿਮਾਚਲ ਪ੍ਰਦੇਸ਼ ਵਿੱਚ ਅਨਾਜ ਮੰਡੀ ਨਾ ਹੋਣ ਕਾਰਨ ਕਿਸਾਨ ਆਪਣੀ ਫਸਲ ਸਰਹੱਦ ਨਾਲ ਲਗਦੀਆਂ ਪੰਜਾਬ ਦੀਆਂ ਘਨੌਲੀ ਅਤੇ ਭਰਤਗੜ੍ਹ ਦੀਆਂ ਮੰਡੀਆਂ ਵਿੱਚ ਵੇਚਦੇ ਸਨ, ਪਰ ਪਿਛਲੇ ਸਾਲ ਕੁੱਝ ਵਪਾਰੀਆਂ ਵੱਲੋਂ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦਾ ਰੌਲਾ ਪੈਣ ਉਪਰੰਤ ਪੰਜਾਬ ਸਰਕਾਰ ਨੇ ਬਾਹਰੀ ਰਾਜਾਂ ਦੀ ਫਸਲ ਦੀ ਆਮਦ ’ਤੇ ਪੱਕੇ ਤੌਰ ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੇ ਆਪਣੀ ਕਣਕ ਦੀ ਫਸਲ ਤਾਂ ਆਟਾ ਚੱਕੀਆਂ ਜਾਂ ਆਮ ਲੋਕਾਂ ਨੂੰ ਸਸਤੇ ਰੇਟ ਤੇ ਵੇਚ ਕੇ ਬੁੱਤਾ ਸਾਰ ਲਿਆ ਸੀ, ਪਰ ਝੋਨਾ ਵੇਚਣਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸਾਨ ਹਿਤੈਸ਼ੀ ਹਨ ਤਾਂ ਉਹ ਪੰਜਾਬ ਦੀਆਂ ਮੰਡੀਆਂ ਵਿੱਚ ਸਰਹੱਦ ਨੇੜਲੇ ਕਿਸਾਨਾਂ ਨੂੰ ਫਸਲ ਵੇਚਣ ਤੋਂ ਰੋਕਣ ਦੀ ਬਜਾਏ ਬਾਹਰਲੇ ਸੂਬਿਆਂ ਤੋਂ ਸਸਤੀ ਫਸਲ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਮਹਿੰਗੇ ਭਾਅ ਵੇਚਣ ਵਾਲੇ ਵਪਾਰੀਆਂ ਵਿਰੁੱਧ ਕਾਰਵਾਈ ਕਰਨ।