ਕਰਮਜੀਤ ਸਿੰਘ ਚਿੱਲਾ
ਬਨੂੜ, 13 ਨਵੰਬਰ
ਨੇੜਲੇ ਪਿੰਡ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਉੱਤੇ ਪਿਛਲੇ 34 ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ਨੇ ਅੱਜ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੀਵਾਲੀ ਦਾ ਤਿਉਹਾਰ ਟੌਲ ਪਲਾਜ਼ਾ ਉੱਤੇ ਹੀ ਮਨਾਊਣ ਦਾ ਐਲਾਨ ਕਰਦਿਆਂ ਸਮੁੱਚੇ ਇਲਾਕਾ ਵਾਸੀਆਂ ਨੂੰ ਸਵੇਰੇ 10 ਵਜੇ ਤੋਂ ਦੋ ਵਜੇ ਤੱਕ ਟੌਲ ਪਲਾਜ਼ਾ ਉੱਤੇ ਪਹੁੰਚਣ ਦਾ ਸੱਦਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦਰਸ਼ਨ ਸਿੰਘ ਖਾਸਪੁਰ, ਹਰਜੀਤ ਸਿੰਘ ਟਹਿਲਪੁਰਾ, ਜਸਵੰਤ ਸਿਂਘ ਨੰਡਿਆਲੀ, ਲਖਵਿੰਦਰ ਸਿੰਘ ਕਰਾਲਾ, ਮੋਹਨ ਸਿੰਘ ਸੋਢੀ, ਕਿਰਪਾਲ ਸਿੰਘ ਸਿਆਊ, ਗੁਰਜੰਟ ਸਿੰਘ ਬੜ੍ਹੀ, ਅਵਤਾਰ ਸਿੰਘ, ਨਰਦੇਵ ਸਿੰਘ ਨੰਡਿਆਲੀ, ਪ੍ਰੇਮ ਸਿੰਘ ਸਾਬਕਾ ਫੌਜੀ, ਤਰਲੋਚਨ ਸਿੰਘ, ਮੁਖਤਿਆਰ ਸਿੰਘ ਕੁਰੜਾ, ਜੱਗੀ ਕਰਾਲਾ ਆਦਿ ਨੇ ਆਖਿਆ ਕਿ ਕਿਸਾਨ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਕਰਦੇ ਰਹਿਣਗੇ।
ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਕੇਂਦਰ ਨੇ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ 26 ਅਤੇ 27 ਨਵੰਬਰ ਨੂੰ ਕਿਸਾਨ ਆਪਣੇ ਪਰਿਵਾਰਾਂ ਸਮੇਤ ਦਿੱਲੀ ਜਾਣਗੇ। ਜ਼ਿਕਰਯੋਗ ਹੈ ਕਿ ਪਿੰਡ ਜਲਾਲਪੁਰ ਦੇ ਰਿਲਾਇੰਸ ਪੰਪ ਉੱਤੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ ਹੈ। ਇਸੇ ਦੌਰਾਨ ਬਨੂੜ ਦੇ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਦਿਲਬਾਗ ਸਿੰਘ ਬਾਗਾ ਵੱਲੋਂ ਟੌਲ ਪਲਾਜ਼ੇ ਉੱਤੇ ਲੰਗਰ ਅਤੇ ਚਾਹ ਦੀ ਸੇਵਾ ਜਾਰੀ ਹੈ। ਊਹ ਰੋਜ਼ਾਨਾ ਧਰਨੇ ਵਿੱਚ ਖੁਦ ਵੀ ਸ਼ਮੂਲੀਅਤ ਕਰ ਰਹੇ ਹਨ।
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਇਲਾਕੇ ਦੇ ਕਿਸਾਨਾਂ ਦਾ ਖੇਤੀ ਬਿਲਾਂ ਦੇ ਖਿਲਾਫ ਸੰਘਰਸ਼ ਜਾਰੀ ਹੈ। ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਤੇ ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਇਸ ਵਾਰ ਕਿਸਾਨ ਜਥੇਬੰਦੀਆਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ।