ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਦਸੰਬਰ
ਕਿਸਾਨੀ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਨੈਸ਼ਨਲ ਹਾਈਵੇਅ ਦੇ ਪੰਜ ਟੌਲ ਪਲਾਜ਼ਾ ਬੰਦ ਰਹਿਣਗੇ। ਇਸ ਦਾ ਕਾਰਨ ਟੌਲ ਪਲਾਜ਼ਿਆਂ ਦੇ ਕਰਮਚਾਰੀਆਂ ਦੀਆਂ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਨਾ ਹੋਣਾ ਹੈ। ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਟੌਲ ਕੰਪਨੀਆਂ ਨੂੰ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਕਰੋੜਾਂ ਰੁਪਏ ਚੁੱਪ ਚੁਪੀਤੇ ਦੇ ਦਿੱਤੇ ਪਰ ਕੰਪਨੀਆਂ ਨੇ ਅੱਗੇ ਕਰਮਚਾਰੀਆਂ ਨੂੰ ਅਦਾਇਗੀਆਂ ਨਹੀਂ ਕੀਤੀਆਂ। ਇਸ ਦੇ ਰੋਸ ਵਜੋਂ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਧਰੇੜੀ ਜੱਟਾਂ ਟੌਲ ਪਲਾਜ਼ਾ ਜ਼ਿਲ੍ਹਾ ਪਟਿਆਲਾ, ਕਾਲਾਝਾੜ ਟੌਲ ਪਲਾਜ਼ਾ ਜ਼ਿਲ੍ਹਾ ਸੰਗਰੂਰ, ਬਡਬਰ ਟੌਲ ਪਲਾਜ਼ਾ ਜ਼ਿਲ੍ਹਾ ਬਰਨਾਲਾ ਅਤੇ ਜ਼ਿਲ੍ਹੇ ਬਠਿੰਡੇ ਦੇ ਦੋ ਟੌਲ ਪਲਾਜ਼ਾ ਭੂਚੋ ਟੌਲ ਪਲਾਜ਼ਾ ਅਤੇ ਜੀਦਾ ਟੌਲ ਪਲਾਜ਼ਾ ਨੂੰ ਤਨਖਾਹਾਂ ਦੀ ਅਦਾਇਗੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟੌਲ ਪਲਾਜ਼ਿਆਂ ਦੇ ਦਫਤਰਾਂ ਨੂੰ ਕਰਮਚਾਰੀਆਂ ਨੇ ਪਹਿਲਾਂ ਤੋਂ ਹੀ ਜਿੰਦੇ ਲਗਾਏ ਹੋਏ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਕਰਮਚਾਰੀਆਂ ਨੂੰ ਤਨਖਾਹਾਂ ਦੀ ਅਦਾਇਗੀ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਾਰੇ ਟੌਲ ਪਲਾਜ਼ਿਆਂ ਨੂੰ ਫ੍ਰੀ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਤ ਅਥਾਰਟੀਆਂ ਦੀ ਹੋਵੇਗੀ।