ਕਰਮਜੀਤ ਸਿੰਘ ਚਿੱਲਾ
ਬਨੂੜ, 23 ਸਤੰਬਰ
ਇੱਥੇ ਅੱਜ ਇਸ ਖੇਤਰ ਵਿੱਚ ਪਈ ਭਰਵੀਂ ਬਾਰਿਸ਼ ਨਾਲ ਪੱਕਣ ਕੰਢੇ ਪਹੁੰਚੀ ਝੋਨੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਗੋਭੀ ਤੇ ਹੋਰ ਸਬਜ਼ੀਆਂ ਦੇ ਖੇਤਾਂ ਵਿੱਚ ਪਾਣੀ ਭਰਨ ਨਾਲ ਇਨ੍ਹਾਂ ਦੇ ਨੁਕਸਾਨ ਦਾ ਖ਼ਦਸ਼ਾ ਹੈ। ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਬਨੂੜ ਖੇਤਰ ਦੇ ਪਿੰਡਾਂ ਵਿੱਚ ਝੋਨੇ ਦੀ ਜ਼ਿਆਦਾਤਰ ਫ਼ਸਲ ਪੱਕੀ ਖੜ੍ਹੀ ਹੈ।
ਅੱਜ ਬਨੂੜ ਮੰਡੀ ਵਿੱਚ ਵੀ ਝੋਨੇ ਦੀ ਆਮਦ ਲਗਾਤਾਰ ਹੋ ਰਹੀ ਹੈ। ਤਾਜ਼ਾ ਮੀਂਹ ਪੈਣ ਕਾਰਨ ਝੋਨੇ ਦੇ ਨੀਵੇਂ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਤਾਜ਼ਾ ਮੀਂਹ ਨਾਲ ਝੋਨੇ ਨੂੰ ਨੁਕਸਾਨ ਹੋ ਰਿਹਾ ਹੈ। ਝੋਨੇ ਦੀ ਕਟਾਈ ਵਿੱਚ ਵੀ ਦੇਰ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਇਨ੍ਹੀਂ ਦਿਨੀਂ ਆਲੂਆਂ ਦੀ ਬਿਜਾਈ ਵੀ ਵੱਡੀ ਪੱਧਰ ਉੱਤੇ ਜਾਰੀ ਹੈ ਅਤੇ ਤਾਜ਼ਾ ਮੀਂਹ ਨੇ ਆਲੂਆਂ ਦੀ ਬਿਜਾਈ ਦਾ ਕੰਮ ਵੀ ਰੋਕ ਦਿੱਤਾ ਹੈ। ਜੰਗਪੁਰਾ, ਬੂਟਾ ਸਿੰਘ ਵਾਲਾ ਅਤੇ ਇਸ ਖੇਤਰ ਦੇ ਹੋਰ ਕਈ ਪਿੰਡਾਂ ਵਿੱਚ ਵੱਡੀ ਪੱਧਰ ਉੱਤੇ ਲੱਗੀ ਹੋਈ ਗੋਭੀ ਦੀ ਫਸਲ ਵਿੱਚ ਵੀ ਪਾਣੀ ਭਰ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਹੋਰ ਮੀਂਹ ਪੈਣ ਦੀ ਸੂਰਤ ਵਿੱਚ ਗੋਭੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਉੱਧਰ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਝੋਨੇ ਅਤੇ ਸਬਜ਼ੀਆਂ ਵਾਲੇ ਖੇਤਾਂ ਵਿੱਚ ਪਾਣੀ ਨਾ ਖੜ੍ਹਾ ਹੋਣ ਦੇਣ ਦੀ ਸਲਾਹ ਦਿੱਤੀ ਹੈ।