ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਗਸਤ
ਸਥਾਨਕ ਧਨਾਸ ਝੀਲ ਵਾਲੀ ਸੜਕ ’ਤੇ ਮੋਟਰਸਾਈਕਲ ਦੀ ਟੱਕਰ ਵਜਣ ਕਾਰਨ ਮੋਟਰਸਾਈਕਲ ਸਵਾਰ ਪਿਤਾ ਦੀ ਮੌਤ ਦੀ ਹੋ ਗਈ। ਜਦਕਿ ਮਾਂ ਤੇ ਧੀ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਰਾਜੂ (45) ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-11 ਦੀ ਪੁਲੀਸ ਨੇ ਮੋਟਰਸਾਈਕਲ ਚਾਲਕ ਰਾਜਨ ਵਾਸੀ ਨਵਾਂ ਗਰਾਓਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਸੀ ਉਸ ਦੇ ਮਾਂ-ਪਿਉ ਉਸ ਨੂੰ ਲੈਣ ਲਈ ਸੈਕਟਰ-12 ਚੰਡੀਗੜ੍ਹ ਆਏ ਸਨ ਤੇ ਰਾਤ ਨੂੰ 9 ਵਜੇ ਉਹ ਵਾਪਸ ਜਾ ਰਹੇ ਸਨ। ਜਦੋਂ ਉਹ ਖੁੱਡਾ ਲਾਹੌਰਾ ਤੋਂ ਧਨਾਸ ਝੀਲ ਰੋਡ ’ਤੇ ਪਹੁੰਚੇ ਤਾਂ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿਤੀ। ਜਿਸ ਕਾਰਨ ਉਹ ਤਿੰਨੇ ਡਿੱਗ ਗਏ। ਪੀਸੀਆਰ ਦੀ ਗੱਡੀ ਨੇ ਤਿੰਨਾਂ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿੱਥੋਂ ਡਾਕਟਰਾਂ ਨੇ ਉਸ ਦੇ ਪਿਤਾ ਨੂੰ ਪੀਜੀਆਈ ਰੈਫਰ ਕਰ ਦਿੱਤਾ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੜਕ ਹਾਦਸੇ ’ਚ ਕਾਂਸਟੇਬਲ ਦੀ ਮੌਤ
ਸੈਕਟਰ-35/36 ਦੇ ਛੋਟੇ ਚੌਕ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਕਾਂਸਟੇਬਲ ਰਣਬੀਰ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸੈਕਟਰ-36 ਦੀ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਹੈੱਡ ਕਾਂਸਟੇਬਲ ਭੀਮ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਕਾਂਸਟੇਬਲ ਰਣਬੀਰ ਸਿੰਘ ਪੁਲੀਸ ਲਾਈਨ ਵਿੱਚ ਤਾਇਨਾਤ ਹੈ। ਉਹ ਸੈਕਟਰ-35/36 ਦੇ ਛੋਟੇ ਚੌਕ ਕੋਲੋਂ ਗੁਜ਼ਰ ਰਿਹਾ ਸੀ, ਜਦੋਂ ਉਸ ਵਿੱਚ ਤੇਜ਼ ਰਫ਼ਤਾਰ ਵਾਹਨ ਆ ਕੇ ਵੱਜਿਆ। ਪੀੜਤ ਮੁਲਾਜ਼ਮ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।