ਮਿਹਰ ਸਿੰਘ
ਕੁਰਾਲੀ, 10 ਅਗਸਤ
ਕੌਮੀ ਮਾਰਗ ਦੇ ਰੂਪਨਗਰ ਰੋਡ ’ਤੇ ਬਣੇ ਰੇਲਵੇ ਫਲਾਈਓਵਰ ਦੀ ਸੜਕ ਵਿੱਚ ਪਏ ਡੂੰਘੇ ਟੋਏ ਤੇ ਪੁਲ ਦੀ ਟੁੱਟੀ ਹੋਈ ਰੇਲਿੰਗ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਸ਼ਹਿਰ ਤੇ ਇਲਾਕਾ ਵਾਸੀਆਂ ਪਰਮਿੰਦਰ ਸਿੰਘ, ਹਰਭਜਨ ਸਿੰਘ ਗਿੱਲ, ਜਗਮੋਹਨ ਸਿੰਘ, ਪ੍ਰੋਫੈਸਰ ਅਜੀਤ ਸਿੰਘ ਬੈਂਸ, ਗੁਰਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਦੌਰਾਨ ਲੋਕ ਨਿਰਮਾਣ ਵਿਭਾਗ ਵੱਲੋਂ ਰੇਲਵੇ ਫਲਾਈਓਵਰ ਦੀ ਸਾਰ ਨਹੀਂ ਲਈ ਜਾ ਰਹੀ, ਜਿਸ ਕਾਰਨ ਰੂਪਨਗਰ ਤੋਂ ਕੁਰਾਲੀ ਨੂੰ ਆਉਂਦਿਆਂ ਸੜਕ ’ਤੇ ਵੱਡੇ ਵੱਡੇ ਡੂੰਘੇ ਟੋਏ ਪਏ ਹੋਏ ਹਨ। ਇਨ੍ਹਾਂ ’ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇਸ ਸਬੰਘੀ ਸੰਪਰਕ ਕਰਨ ’ਤੇ ਲੋਕ ਨਿਰਮਾਣ ਵਿਭਾਗ ਦੇ ਜੇਈ ਅਤਿੰਦਰਜੀਤ ਸਿੰਘ ਨੇ ਮਾਮਲਾ ਧਿਆਨ ਵਿੱਚ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਛੇ ਕਿਲੋਮੀਟਰ ਸੜਕ ਦੀ ਮੁਰੰਮਤ ਲਈ ਟੈਂਡਰ ਪਾਸ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਐੱਸਡੀਓ ਮਨਜੀਤ ਸਿੰਘ ਨੇ ਸੜਕ ਦੀ ਮੁਰੰਮਤ ਜਲਦੀ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ।