ਅਤਰ ਸਿੰਘ
ਡੇਰਾਬੱਸੀ, 13 ਜਨਵਰੀ
ਡੇਰਾਬੱਸੀ ਹਲਕੇ ਦੇ ਪਿੰਡ ਬਰਵਾਲਾ ਵਿੱਚ ਲੱਖਾਂ ਦੀ ਤਦਾਦ ’ਚ ਮੁਰਗੀਆਂ ਮਰਨ ਮਗਰੋਂ ਡੇਰਾਬੱਸੀ ਹਲਕੇ ’ਚ ਮੁਰਗੀਆਂ ਦੇ ਮੀਟ ਦੀ ਵਿੱਕਰੀ 50 ਫੀਸਦ ਘਟ ਗਈ ਹੈ। ਬਰਵਾਲਾ ਰੋਡ ਤੇ ਪੈਂਦੀ ਮੀਟ ਮਾਰਕਿਟ ’ਚ ਇਕ ਦੁਕਾਨਦਾਰ ਨੇ ਦੱਸਿਆ ਕਿ ਬਿਮਾਰੀ ਦੇ ਡਰ ਕਾਰਨ ਮੀਟ ਮਾਰਕਿਟ ’ਚ ਮੁਰਗੀਆਂ ਦੀ ਵਿਕਰੀ ਘਟ ਗਈ ਹੈ ਜਿਸ ਕਾਰਨ ਆਂਡੇ ਵੀ ਘਟ ਵਿਕ ਰਹੇ ਹਨ। ਸਰਕਾਰ ਦੇ ਹੁਕਮਾਂ ਅਨੁਸਾਰ ਵੈਟਰਨਰੀ ਵਿਭਾਗ ਨੇ ਬਰਡ ਫਲੂ ਦੇ ਸ਼ੱਕੀ ਮਾਮਲਿਆਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ’ਚ 25 ਪੋਲਟਰੀ ਫਾਰਮ ਹਨ ਪਰ ਅਜੇ ਤੱਕ ਕੋਈ ਵੀ ਬਰਡ ਫਲੂ ਦੀ ਸ਼ਿਕਾਇਤ ਨਹੀਂ ਮਿਲੀ।
ਮੀਟ ਮਾਰਕਿਟ ਡੇਰਾਬੱਸੀ ਦੇ ਇਕ ਦੁਕਾਨਦਾਰ ਨੇ ਦੱਸਿਆ ਕਿ 8-9 ਦਿਨ ਪਹਿਲਾਂ 100 ਆਂਡਿਆਂ ਦਾ ਰੇਟ 540 ਰੁਪਏ ਤੋਂ 545 ਰੁਪਏ ਸੀ ਤੇ ਇਸ ਬਿਮਾਰੀ ਦੀ ਖਬਰ ਫੈਲਣ ਮਗਰੋਂ 400 ਰੁਪਏ ਦੇ 100 ਆਂਡੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੰਜਾਬ ’ਚ ਕੋਈ ਵਾਇਰਸ ਨਹੀਂ ਮਿਲਿਆ ਪਰ ਕੀਮਤਾਂ ਘਟ ਗਈਆਂ ਹਨ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਨਵਦੀਪ ਸਿੰਘ ਨੇ ਕਿਹਾ ਕਿ ਡੇਰਾਬੱਸੀ ਹਲਕੇ ’ਚ 25 ਪੋਲਟਰੀ ਫਾਰਮ ਹਨ ਜਿਨ੍ਹਾਂ ’ਚ 25 ਲੱਖ ਦੇ ਕਰੀਬ ਮੁਰਗੀਆਂ ਹਨ ਪਰ ਹਾਲੇ ਤਕ ਬਰਡ ਫਲੂ ਦੀ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਇਲਾਕੇ ਦੇ 3 ਹਸਪਤਾਲਾਂ ਤੋਂ ਸਟਾਫ ਦੀ ਇਕ ਟੀਮ ਬਣਾ ਕੇ ਸੈਂਪਲ ਲਈ ਭੇਜੀ ਜਾ ਰਹੀ ਹੈ ਤਾਂ ਕਿ ਬਰਡ ਫਲੂ ਬਾਰੇ ਚੰਗੀ ਤਰ੍ਹਾਂ ਪਤਾ ਲਾਇਆ ਜਾ ਸਕੇ।
ਚੰਡੀਗੜ੍ਹ ਵਿੱਚ 13 ਕਾਵਾਂ ਤੇ ਇਕ ਮੋਰ ਦੀ ਮੌਤ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ) ਚੰਡੀਗੜ੍ਹ ਵਿੱਚ ਅੱਜ 14 ਹੋਰ ਪੰਛੀਆਂ ਦੀ ਮੌਤ ਹੋ ਗਈ ਹੈ। ਜਿਸ ਵਿੱਚ 13 ਕਾਂ ਤੇ ਇਕ ਮੋਰ ਸ਼ਾਮਲ ਹੈ। ਪ੍ਰਸ਼ਾਸਨ ਨੇ ਪੰਛੀਆਂ ਨੂੰ ਕਬਜ਼ੇ ’ਚ ਲੈ ਲਿਆ ਹੈ। ਇਨ੍ਹਾਂ ਵਿੱਚ ਮੋਰ ਬੋਟੇਨੀਕਲ ਗਾਰਡਨ ਵਿੱਚ ਮਿਲਿਆ ਹੈ। ਜਦੋਂਕਿ ਕਾਂ ਸੈਕਟਰ-38 ਵੈਸਟ, ਮੌਲੀ ਸਕੂਲ, ਧਨਾਸ, ਜਨਤਾ ਕਲੋਨੀ, ਨਵਾਂ ਗਾਉਂ, ਕੈਂਪਾ ਪਲਾਟ, ਮਨੀਮਾਜਰਾ, ਪੰਜਾਬ ਯੂਨੀਵਰਸਿਟੀ ਵਿੱਚੋਂ ਮਿਲੇ ਹਨ। ਇਸ ਦੇ ਨਾਲ ਹੀ ਹੁਣ ਤੱਕ ਸ਼ਹਿਰ ’ਚ 50 ਦੇ ਕਰੀਬ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਮ੍ਰਿਤਕ ਮਿੱਲੇ ਪੰਛੀਆਂ ਵਿੱਚੋਂ 20 ਦੇ ਕਰੀਬ ਪੰਛੀਆਂ ਦੇ ਸੈਂਪਲ ਜਾਂਚ ਲਈ ਜਲੰਧਰ ਦੀ ਲੈਬਾਰਟਰੀ ਵਿੱਚ ਭੇਜੇ ਗਏ ਹਨ। ਜਿਨ੍ਹਾਂ ਵਿੱਚ 8 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜਦੋਂਕਿ 12 ਪੰਛੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਸ਼ਹਿਰ ’ਚ ਚੌਕਸੀ ਵਰਤ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਥਾਂ ’ਤੇ ਪੰਛੀ ਮ੍ਰਿਤਕ ਦਿੱਸੇ ਤਾਂ ਤੁਰੰਤ ਸੂਚਿਤ ਕੀਤਾ ਜਾਵੇ।