ਪੱਤਰ ਪ੍ਰੇਰਕ
ਕੁਰਾਲੀ,12 ਸਤੰਬਰ
ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਝੂਠੀ ਕਾਂਗਿਆਰੀ (ਹਲਦੀ ਰੋਗ) ਦੀ ਬਿਮਾਰੀ ਲੱਗਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਅਜਿਹੇ ਮੌਸਮ ’ਚ ਖਤਰੇ ਨੂੰ ਟਾਲਣ ਲਈ ਖੇਤੀਬਾੜੀ ਵਿਭਾਗ ਦੀ ਟੀਮ ਨੇ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਕੇ ਫ਼ਸਲ ਦੀ ਜਾਂਚ ਕੀਤੀ ਤੇ ਕਿਸਾਨਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਕਈ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਖੇਤਾਂ ’ਚ ਝੋਨੇ ਤੇ ਬਾਸਮਤੀ ਦੀ ਫ਼ਸਲ ਦਾ ਨਿਰਖੀਣ ਕੀਤਾ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਡਾ. ਗੁਰਬਚਨ ਸਿੰਘ ਤੇ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਝੋਨੇ ਤੇ ਬਾਸਮਤੀ ਦੀ ਫ਼ਸਲ ਦੇ ਨਿੱਸਰਨ ਦੇ ਸਮੇਂ ਜੇ ਮੀਂਹ, ਬੱਦਲਵਾਈ ਤੇ ਵਧੇਰੇ ਸਿੱਲ ਰਹੇ ਤਾਂ ਝੂਠੀ ਕਾਂਗਿਆਰੀ ਦਾ ਖ਼ਤਰਾ ਵਧ ਜਾਂਦਾ ਹੈ। ਇਹ ਬਿਮਾਰੀ ਬਹੁਤਾ ਝਾੜ ਦੇਣ ਵਾਲੀਆਂ ਤੇ ਗੈਰ-ਸਿਫ਼ਾਰਿਸ਼ੀ ਕਿਸਮਾਂ ਨੂੰ ਵਧੇਰੇ ਲੱਗਣ ਦੀ ਸੰਭਾਵਨਾ ਹੈ। ਇਸ ਲਈ ਫ਼ਸਲ ਨੂੰ ਕੀੜੇ ਤੇ ਬਿਮਾਰੀਆਂ ਤੋਂ ਬਚਾਉਣ ਲਈ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
ਫੋਟੋ: ਖੇਤੀ ਵਿਭਾਗ ਦੇ ਮਾਹਿਰ ਝੋਨੇ ਦੀ ਫ਼ਸਲ ਦੀ ਜਾਂਚ ਕਰਦੇ ਹੋਏ।