ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਾਰਚ
ਯੂਟੀ ਸਿੱਖਿਆ ਸਕੱਤਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਚੰਡੀਗੜ੍ਹ ਦੇ ਸਾਰੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਨੂੰ ਸਿਰਫ ਟਿਊਸ਼ਨ ਫੀਸਾਂ ਵਸੂਲਣ ਅਤੇ ਪ੍ਰਸ਼ਾਸਨ ਦੀ ਵਿਸ਼ੇਸ਼ ਪ੍ਰਵਾਨਗੀ ਤੋਂ ਬਿਨਾ ਫੀਸ ਨਾ ਵਧਾਉਣ ਦੇ ਨਿਰਦੇਸ਼ ਦਿੱਤੇ ਗਈ ਹਨ।
ਦੱਸਣਯੋਗ ਹੈ ਕਿ ਪ੍ਰਸ਼ਾਸਨ ਜਿਸ ਟਿਊਸ਼ਨ ਫੀਸ ਦੀ ਗੱਲ ਕਰ ਰਿਹਾ ਹੈ, ਉਹ ਪਿਛਲੇ ਸਾਲ ਸਮਾਪਤ ਹੋਏ ਸੈਸ਼ਨ ਦੀ ਹੈ। ਪਿਛਲੇ ਸਾਲ ਮਹਾਮਾਰੀ ਕਾਰਨ ਵੱਡੀ ਗਿਣਤੀ ਮਾਪਿਆਂ ਨੇ ਟਰਾਈਸਿਟੀ ਦੇ ਵੱਖ-ਵੱਖ ਸਕੂਲਾਂ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਆਪਣੇ ਬੱਚਿਆਂ ਦੀਆਂ ਫੀਸਾਂ ਵਿੱਚ ਵਾਧਾ ਨਾ ਕਰਨ ਦੀ ਮੰਗ ਕੀਤੀ ਸੀ। ਯੂਟੀ ਪ੍ਰਸ਼ਾਸਨ ਦੇ ਤਾਜ਼ਾ ਹੁਕਮਾਂ ਦਾ ਹੁਣ ਮਾਪਿਆਂ ਵੱਲੋਂ ਮਜ਼ਾਕ ਉਡਾਇਆ ਜਾ ਰਿਹਾ ਹੈ। ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਸਕੂਲ ਨੇ ਪਹਿਲਾਂ ਹੀ ਪਿਛਲੇ ਸਾਲ ਫੀਸਾਂ ਵਿੱਚ ਵਾਧਾ ਕਰ ਦਿੱਤਾ ਸੀ। ਸਕੂਲ ਤਾਂ ਉਨ੍ਹਾਂ ਕੋਲੋਂ ਪਹਿਲਾਂ ਹੀ ਵਾਧੂ ਫੀਸ ਵਸੂਲ ਚੁੱਕੇ ਹਨ ਤੇ ਹੁਣ ਉਹ ਫੀਸ ਵਾਪਸ ਕਿਉਂ ਕਰਨਗੇ, ਇਸ ਕਰ ਕੇ ਪ੍ਰਸ਼ਾਸਨ ਨੂੰ ਇਹ ਫੀਸਾਂ ਵਾਪਸ ਕਰਵਾਉਣੀਆਂ ਚਾਹੀਦੀਆਂ ਹਨ।
ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਕਿਹਾ ਕਿ ਸਕੂਲੀ ਫੀਸਾਂ ਵਿੱਚ 15 ਫੀਸਦੀ ਰਾਹਤ ਬਹੁਤ ਦੇਰ ਨਾਲ ਆਈ ਹੈ। ਪ੍ਰਸ਼ਾਸਨ ਨੂੰ 2021-22 ਲਈ ਵੀ ਰਾਹਤ ਵਧਾਉਣੀ ਚਾਹੀਦੀ ਹੈ, ਕਿਉਂਕਿ ਇਸ ਸੈਸ਼ਨ ਦੌਰਾਨ ਸਕੂਲ ਜ਼ਿਆਦਾਤਰ ਸਮੇਂ ਲਈ ਬੰਦ ਰਹੇ ਹਨ ਅਤੇ ਜ਼ਿਆਦਾਤਰ ਮਾਪੇ ਪਹਿਲਾਂ ਹੀ ਪੂਰੀਆਂ ਫੀਸਾਂ ਅਦਾ ਕਰ ਚੁੱਕੇ ਹਨ, ਇਸ ਲਈ ਸਕੂਲਾਂ ਨੂੰ ਮਾਪਿਆਂ ਕੋਲੋਂ ਪ੍ਰਾਪਤ ਕੀਤੀ ਵਾਧੂ ਫੀਸ ਵਾਪਸ ਕਰਨੀ ਚਾਹੀਦੀ ਹੈ।
ਚੰਡੀਗੜ੍ਹ ਵਿਚ ਸਰਕਾਰੀ ਕਾਲਜ ਖੁੱਲ੍ਹੇ਼
ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਸ਼ਹਿਰ ਦੇ ਸਰਕਾਰੀ ਕਾਲਜਾਂ ਵਿੱਚ ਅੱਜ ਤੋਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋ ਗਿਆ ਹੈ। ਕਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਲਗਪਗ ਦੋ ਸਾਲਾਂ ਬਾਅਦ ਕਾਲਜ ਆਫਲਾਈਨ ਮੋਡ ਵਿਚ ਖੁੱਲ੍ਹੇ ਹਨ ਜਦਕਿ ਸ਼ਹਿਰ ਦੇ ਜ਼ਿਆਦਾਤਰ ਪ੍ਰਾਈਵੇਟ ਕਾਲਜਾਂ ਨੇ ਇਸ ਹਫਤੇ ਆਨਲਾਈਨ ਕਲਾਸਾਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਲੇ ਪੋਸਟ ਗ੍ਰੈਜੁਏਟ ਕੋਰਸਾਂ ਦੇ ਵਿਦਿਆਰਥੀਆਂ ਅਤੇ ਗ੍ਰੈਜੁਏਟ ਵਰਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਹੀ ਕਾਲਜਾਂ ਵਿਚ ਸੱਦਿਆ ਗਿਆ ਹੈ, ਬਾਕੀ ਕਲਾਸਾਂ ਨੂੰ ਸੱਦਣ ਬਾਰੇ ਅਜੇ ਕੋਈ ਸੂਚਨਾ ਨਹੀਂ ਹੈ।