ਕਰਮਜੀਤ ਸਿੰਘ ਚਿੱਲਾ
ਬਨੂੜ, 22 ਦਸੰਬਰ
ਕਿਸਾਨਾਂ ਨੂੰ ਇਨੀਂ ਦਿਨੀਂ ਯੂਰੀਆ ਖਾਦ ਦੀ ਘਾਟ ਪ੍ਰੇਸ਼ਾਨ ਕਰ ਰਹੀ ਹੈ। ਕਣਕ ਅਤੇ ਹੋਰ ਫ਼ਸਲਾਂ ਲਈ ਲੋੜੀਂਦਾ ਯੂਰੀਆ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਕਿਸਾਨਾਂ ਨੂੰ ਜਿਹੜੀ ਦੁਕਾਨ ਵਿੱਚ ਯੂਰੀਆ ਖਾਦ ਦੀ ਗੱਡੀ ਆਉਣ ਬਾਰੇ ਪਤਾ ਲੱਗਦਾ ਹੈ ਤਾਂ ਉੱਥੇ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨਾਂ ਲੱਗ ਜਾਂਦੀਆਂ ਹਨ।
ਕਿਸਾਨਾਂ ਨੂੰ ਇਨ੍ਹਾਂ ਦੁਕਾਨਾਂ ਵਿੱਚ ਪੂਰੀ ਖਾਦ ਮਿਲਣ ਦੀ ਥਾਂ-ਥਾਂ ਦੋ-ਦੋ ਥੈਲੇ ਯੂਰੀਆ ਹੀ ਬਹੁਤ ਮੁਸ਼ਕਲ ਨਾਲ ਨਸੀਬ ਹੁੰਦਾ ਹੈ। ਕਿਸਾਨਾਂ ਨੂੰ ਇਸ ਤੋਂ ਪਹਿਲਾਂ ਡੀਏਪੀ ਖਾਦ ਦੀ ਘਾਟ ਨਾਲ ਵੀ ਜੂਝਣਾ ਪਿਆ ਹੈ। ਬਨੂੜ ਦੀ ਇੱਕ ਖਾਦ ਦੀ ਦੁਕਾਨ ਅੱਗੇ ਲਾਈਨ ਲਗਾਈ ਖੜ੍ਹੇ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਣਕ ਦੀ ਫ਼ਸਲ ਲਈ ਖਾਦ ਦੀ ਬਹੁਤ ਜ਼ਿਆਦਾ ਲੋੜ ਹੈ, ਪਰ ਕਿੱਧਰੋਂ ਵੀ ਖਾਦ ਨਹੀਂ ਮਿਲ ਰਹੀ। ਕਿਸਾਨਾਂ ਨੇ ਦੱਸਿਆ ਕਿ ਬਨੂੜ ਖੇਤਰ ਦੀਆਂ ਸਮੁੱਚੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਵੀ ਯੂਰੀਆ ਖਾਦ ਨਹੀਂ ਆ ਰਹੀ। ਇਹ ਵੀ ਪਤਾ ਲੱਗਾ ਹੈ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਵਿਭਾਗ ਵੱਲੋਂ ਕਾਗਜ਼ਾਂ ਵਿੱਚ ਯੂਰੀਆ ਦੀ ਆਮਦ ਵਿਖਾਈ ਜਾ ਰਹੀ ਹੈ ਪਰ ਅਮਲੀ ਤੌਰ ਤੇ ਖਾਦ ਨਹੀਂ ਭੇਜੀ ਜਾ ਰਹੀ।
ਕਿਸਾਨ ਵੱਲੋਂ ਸੰਘਰਸ਼ ਦੀ ਚਿਤਾਵਨੀ
ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਕਰਤਾਰ ਸਿੰਘ ਨੰਡਿਆਲੀ, ਪ੍ਰੇਮ ਸਿੰਘ ਘੜਾਮਾਂ ਨੇ ਯੂਰੀਆ ਖਾਦ ਨਾ ਮਿਲਣ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦੋ ਦਿਨ ਵਿੱਚ ਯੂਰੀਆ ਨਾ ਭੇਜਿਆ ਗਿਆ ਤਾਂ ਕੌਮੀ ਮਾਰਗ ਜਾਮ ਕੀਤਾ ਜਾਵੇਗਾ।