ਪੱਤਰ ਪ੍ਰੇਰਕ
ਚੰਡੀਗੜ੍ਹ, 30 ਸਤੰਬਰ
ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਅਤੇ ਵਾਤਾਵਰਨ ਪ੍ਰਦੂਸ਼ਣ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਅਹਿਮ ਫ਼ੈਸਲਾ ਲੈਂਦਿਆਂ ਇਸ ਵਾਰ ਵੀ ਵਾਤਾਵਰਨ ਪ੍ਰੇਮੀ ਵਤੀਰਾ ਅਪਨਾਉਣ ਵੱਲ ਕਦਮ ਪੁੱਟਿਆ ਹੈ ਜਿਸ ਦੇ ਚਲਦਿਆਂ ਇਸ ਵਾਰ ਦਸਹਿਰਾ, ਦੀਵਾਲੀ ਅਤੇ ਗੁਰਪੁਰਬ ਮੌਕੇ ਗਰੀਨ ਪਟਾਕੇ ਚਲਾਉਣ ਦੀ ਹਦਾਇਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਗਰੀਨ ਪਟਾਕਿਆਂ ਨੂੰ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ.ਐਸ.ਆਈ.ਆਰ.) ਦੀ ਸਹਾਇਕ ਕੰਪਨੀ ਨੈਸ਼ਨਲ ਐਨਵਾਇਰਨਮੈਂਟਲ ਐਂਡ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ ਵੱਲੋਂ ਤਿਆਰ ਕੀਤਾ ਗਿਆ ਹੈ।
ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇੱਥੇ ਜਾਰੀ ਇੱਕ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਤਿਉਹਾਰੀ ਸੀਜ਼ਨ ਵਿੱਚ ਚੰਡੀਗੜ੍ਹ ਦੇ ਵਸਨੀਕ ਇੱਕ ਨਿਸਚਿਤ ਸਮੇਂ ਲਈ ਗਰੀਨ ਪਟਾਕੇ ਚਲਾ ਸਕਣਗੇ। ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਰਾਤ 8.00 ਵਜੇ ਤੋਂ 10.00 ਵਜੇ ਤੱਕ ਅਤੇ ਦਸਹਿਰੇ ਮੌਕੇ ਪੁਤਲਾ ਫੂਕਣ ਅਤੇ ਗੁਰਪੁਰਬ ਮੌਕੇ ਸਵੇਰੇ 4.00 ਵਜੇ ਤੋਂ 5.00 ਵਜੇ ਅਤੇ ਰਾਤ 9.00 ਤੋਂ 10.00 ਵਜੇ ਤੱਕ ‘ਗਰੀਨ ਪਟਾਕਿਆਂ’ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਤੋਂ ਪ੍ਰਾਪਤ ਹਵਾ ਗੁਣਵੱਤਾ ਸੂਚਕਾਂਕ ਦੀ ਵਿਸਥਾਰਿਤ ਰਿਪੋਰਟ ਅਨੁਸਾਰ ਸਾਲ-2020 ਅਤੇ 2021 ਵਿੱਚ ਦੀਵਾਲੀ ਮਹੀਨੇ ਦੌਰਾਨ ਹਵਾ ਦੀ ਗੁਣਵੱਤਾ ਦਰਮਿਆਨੀ/ਤਸੱਲੀਬਖਸ਼ ਪਾਈ ਗਈ ਸੀ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ‘ਗਰੀਨ ਪਟਾਕੇ’ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਸ਼ਹਿਰ ਵਿੱਚ ਗਰੀਨ ਪਟਾਕਿਆਂ ਦੀ ਵਿਕਰੀ ਨੂੰ ਮਿਲੇਗੀ ਇਜਾਜ਼ਤ
ਯੂ.ਟੀ. ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਦਿੱਤੀ ਅਧਿਕਾਰਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੁਪਰੀਮ ਕੋਰਟ ਆਫ਼ ਇੰਡੀਆ ਨੇ 23 ਅਕਤੂਬਰ 2018 ਨੂੰ ਅਰਜੁਨ ਗੋਪਾਲ ਅਤੇ ਹੋਰ ਬਨਾਮ ਯੂਨੀਅਨ ਆਫ ਇੰਡੀਆ ਤੇ ਹੋਰਨਾਂ ਦੇ ਕੇਸ ਵਿੱਚ ਪਾਸ ਕੀਤੇ ਹੁਕਮਾਂ ਦੇ ਤਹਿਤ, 2015 ਦੇ ਸੀਡਬਲਯੂਪੀ ਨੰਬਰ 726, 2015 ਦੇ ਨਿਰਦੇਸ਼ਾਂ ਦੇ ਨਾਲ ‘ਗਰੀਨ ਪਟਾਕਿਆਂ’ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਹੈ। ਇਸ ਲਈ ਤਿਉਹਾਰੀ ਸੀਜ਼ਨ ਵਿੱਚ ‘ਗਰੀਨ ਪਟਾਕਿਆਂ’ ਦੀ ਵਿਕਰੀ ਕੀਤੀ ਜਾ ਸਕੇਗੀ ਕਿਉਂਕਿ ਇਨ੍ਹਾਂ ਨਾਲ ਵਾਤਾਵਰਨ ਵਿੱਚ ਪ੍ਰਦੂਸ਼ਣ ਨਹੀਂ ਫੈਲਦਾ।
ਰੂਪਨਗਰ ’ਚ ਪਟਾਕਿਆਂ ਦੀ ਵਿਕਰੀ ਸਬੰਧੀ ਅਰਜ਼ੀਆਂ ਮੰਗੀਆਂ
ਰੂਪਨਗਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜੋ ਵਿਅਕਤੀ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਲੈਣ ਦੇ ਚਾਹਵਾਨ ਹਨ, ਉਹ ਆਪਣੀ ਦਰਖਾਸਤ ਸਮੇਤ ਫੀਸ 100 ਰੁਪਏ ਪ੍ਰਤੀ ਐਪਲੀਕੇਸ਼ਨ ਸੇਵਾ ਕੇਂਦਰ ਵਿਖੇ ਦੇ ਸਕਦੇ ਹਨ। ਇਸ ਸਬੰਧੀ ਬਿਨੈ ਫਾਰਮ www.Punjab.gov.in ’ਤੇ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਛਾਣ ਦਾ ਸਬੂਤ ਤੇ ਸਵੈ ਘੋਸ਼ਣਾ ਪੱਤਰ ਦੇਣਾ ਲਾਜ਼ਮੀ ਹੈ। ਲਾਇਸੈਂਸ ਸਬੰਧੀ ਲਾਟਰੀ ਸਿਸਟਮ ਰਾਹੀਂ ਡਰਾਅ ਕੱਢਿਆ ਜਾਵੇਗਾ ਤੇ ਡਰਾਅ ਨਿਕਲਣ ਵਾਲੇ ਵਿਅਕਤੀ ਨੂੰ ਹੀ ਪਟਾਕੇ ਵੇਚਣ ਦਾ ਆਰਜ਼ੀ ਲਾਇਸੈਂਸ ਜਾਰੀ ਕੀਤਾ ਜਾਵੇਗਾ ਤੇ ਪ੍ਰਸ਼ਾਸਨ ਵਲੋਂ ਨਿਰਧਾਰਤ ਜਗ੍ਹਾ ’ਤੇ ਹੀ ਪਟਾਕਿਆਂ ਦੀ ਵਿਕਰੀ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਪਟਾਕਿਆਂ ਦੀ ਵਿਕਰੀ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।