ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 29 ਅਗਸਤ
ਛਿੰਝ ਸੁਸਾਇਟੀ ਮੁੱਲਾਂਪੁਰ ਗਰੀਬਦਾਸ ਵੱਲੋਂ ਨਗਰ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਲਈ ਧਰਮਿੰਦਰ ਕੁਹਾਲੀ ਤੇ ਪ੍ਰਦੀਪ ਜ਼ੀਰਕਪੁਰ ਵਿਚਕਾਰ 25 ਮਿੰਟ ਮੁਕਾਬਲਾ ਹੋਇਆ, ਦੋਵੇਂ ਪਹਿਲਵਾਨ ਬਰਾਬਰ ਰਹੇ। ਇਸ ਤੋਂ ਪਹਿਲਾਂ ਪ੍ਰਧਾਨ ਸ਼ੇਰ ਸਿੰਘ ਮੱਲ, ਪੰਚ ਰਵਿੰਦਰ ਕਾਲਾ, ਮੇਜਰ ਸਿੰਘ, ਅਵਤਾਰ ਸਿੰਘ ਰਾਜੀ, ਸਤਵੀਰ ਸੱਤੀ ਆਦਿ ਮੁਕਾਬਲੇ ਸ਼ੁਰੂ ਕਰਵਾਏ। ਇਸ ਦੌਰਾਨ ਦੋ ਛੋਟੀਆਂ ਝੰਡੀਆਂ ਵਾਲੇ ਚਾਰ ਪਹਿਲਵਾਨ ਛੋਟਾ ਪ੍ਰਿੰਸ ਕੁਹਾਲੀ ਤੇ ਸੀਪਾ ਰਾਈਏਵਾਲ ਸਣੇ ਅਮਿਤ ਚੰਡੀਗੜ੍ਹ ਤੇ ਸਾਹਿਲ ਮੁੱਲਾਂਪੁਰ ਬਰਾਬਰ ਰਹੇ। ਗਿਆਰਾਂ ਹਜ਼ਾਰ ਦੀ ਝੰਡੀ ਵਿੱਚ ਰਵੀ ਰੌਣੀ ਨੇ ਸੰਦੀਪ ਘੋੜਾ ਨੂੰ ਚਿੱਤ ਕੀਤਾ। ਇਕੱਤਰ ਸੌ ਵਾਲੀ ਝੰਡੀ ਵਿੱਚ ਕਰਨ ਚਾਹਲ ਮੁੱਲਾਂਪੁਰ ਨੇ ਰਵੀ ਰੋਪੜ ਨੂੰ ਢਾਹਿਆ। ਇਕਵੰਜਾ ਸੌ ਵਾਲੀ ਝੰਡੀ ਵਿੱਚ ਦਿਨੇਸ਼ ਕੰਸਾਲਾ ਨੇ ਪ੍ਰਿੰਸ ਪੜ੍ਹਛ ਦੀ ਪਿੱਠ ਲਾਈ। ਇਸੇ ਦੌਰਾਨ ਪਹਿਲਵਾਨ ਦੀਪਾ ਚੰਦਪੁਰ ਪੱਟੀ ਨੇ ਨਵੀਆ ਬਡਵਾਲ ਨੂੰ, ਲਖਨ ਮੁੱਲਾਂਪੁਰ ਨੇ ਵਿਸ਼ਾਲ ਚੰਡੀਗੜ੍ਹ ਨੂੰ, ਹਰੀ ਚੰਡੀਗੜ੍ਹ ਨੇ ਤਾਲਬਿ ਬਾਬਾ ਫਲਾਹੀ ਨੂੰ, ਦੀਪਾ ਮੁੱਲਾਂਪੁਰ ਨੇ ਰੌਬਨ ਨੂੰ ਚਿੱਤ ਕੀਤਾ।
ਰਵੀ ਸ਼ਰਮਾ ਤੇ ਗੋਲੂ ਪਹਿਲਵਾਨ ਵੱਲੋਂ ਜੌਰਜੀਆ ਤੋਂ ਆਏ ਦੋ ਕੁਸ਼ਤੀ ਕੋਚਾਂ ਦਾ ਸੋਨੇ ਦੀਆਂ ਚੈਨੀਆਂ ਨਾਲ ਸਨਮਾਨ ਕੀਤਾ ਗਿਆ।