ਮਿਹਰ ਸਿੰਘ
ਕੁਰਾਲੀ, 4 ਅਕਤੂਬਰ
ਸਥਾਨਕ ਸਰਕਾਰਾਂ ਵਿਭਾਗ ਵਲੋਂ ਸੀਸਵਾਂ ਰੋਡ ’ਤੇ ਸਥਿੱਤ ਰਸੂਖ ਵਾਲੀ ਕੰਪਨੀ ਦੇ ਰਿਹਾਇਸ਼ੀ ਪ੍ਰਾਜੈਕਟ ਖ਼ਿਲਾਫ਼ ਵਿਜੀਲੈਂਸ ਵਲੋਂ ਕੀਤੀ ਜਾਂਚ ਤੋਂ ਬਾਅਦ ਕੰਪਨੀ ਦੇ ਪ੍ਰਬੰਧਕਾਂ ਅਤੇ ਰਿਹਾਇਸ਼ੀ ਕਲੋਨੀ ਦੇ ਪ੍ਰਾਜੈਕਟ ਨੂੰ ਮਾਨਤਾ ਦੇਣ ਵਾਲੇ ਦੋ ਅਧਿਕਾਰੀਆਂ ਖ਼ਿਲਾਫ਼ ਵਿਜੀਲੈਂਸ ਨੇ ਪਰਚਾ ਦਰਜ ਕਰ ਲਿਆ ਹੈ। ਇਸ ਕਾਰਵਾਈ ਤੋਂ ਬਾਅਦ ਕਲੋਨੀ ਵਿੱਚ ਘਰ ਬਣਾਉਣ ਲਈ ਪੈਸੇ ਖਰਚਣ ਵਾਲੇ ਵੀ ਹੁਣ ਆਪਣੇ ਆਪ ਨੂੰ ਕਸੂਤੀ ਸਥਿਤੀ ਵਿੱਚ ਫਸੇ ਮਹਿਸੂਸ ਕਰ ਰਹੇ ਹਨ।
ਡਬਲਿਊ ਡਬਲਿਊ ਆਈ.ਸੀ.ਐੱਸ. ਕੰਪਨੀ ਵਲੋਂ ਕੁਝ ਵਰ੍ਹੇ ਪਹਿਲਾਂ ਕੱਟੀ ਰਿਹਾਇਸ਼ੀ ਕਲੋਨੀ ਵਾਲੀ ਜ਼ਮੀਨ ਦੀ ਮਲਕੀਅਤ ਅਤੇ ਨਦੀ ਦੇ ਵਹਾਅ ਵਿੱਚ ਖੜ੍ਹੀਆਂ ਕੀਤੀਆਂ ਰੋਕਾਂ ਨੂੰ ਲੈ ਕੇ ਇਹ ਕਲੋਨੀ ਪਿਛਲੇ ਕੁਝ ਅਰਸੇ ਤੋਂ ਵਿਵਾਦਾਂ ਵਿੱਚ ਚਲੀ ਆ ਰਹੀ ਹੈ। ਪਿਛਲੇ ਵਰ੍ਹੇ ਬਰਸਾਤ ਦੇ ਮੌਸਮ ਵਿੱਚ ਨਦੀ ਦਾ ਪਾਣੀ ਕਲੋਨੀ ਵਿੱਚ ਭਰਨ ਅਤੇ ਨਾਲ ਲਗਦੀ ਇੱਕ ਹੋਰ ਕਲੋਨੀ ਦੇ ਕਈ ਘਰ ਹੜ੍ਹ ਜਾਣ ਤੋਂ ਬਾਅਦ ਚਰਚਾ ਵਿੱਚ ਆਈ ਇਸ ਕਲੋਨੀ ਦੀ ਜ਼ਮੀਨ ਦੀ ਮਿਣਤੀ ਕਰਵਾਉਂਦਿਆਂ ਇਸ ਦੇ ਕੁਝ ਜ਼ਮੀਨੀ ਹਿੱਸੇ ਉਤੇ ਕੌਂਸਲ ਨੇ ਕਬਜ਼ਾ ਵੀ ਕਰ ਲਿਆ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕੰਪਨੀ ਵਲੋਂ ਸੀਸਵਾਂ ਰੋਡ ਦੇ ਨਾਲ ਲਗਦੀ ਜਗ੍ਹਾ ਵਿੱਚ ਕਲੋਨੀ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਪਾਸ ਕਰਵਾਇਆ ਸੀ। ਕੰਪਨੀ ਨੇ ਕਲੋਨੀ ਨੂੰ ਮਾਨਤਾ ਲੈਣ ਲਈ 17.4 ਏਕੜ ਰਕਬੇ ਵਿੱਚ ਡਰੀਮ ਮਿੰਡੋਸ-1 ਅਤੇ 8.93 ਏਕੜ ਰਕਬੇ ਵਿੱਚ ਡਰੀਮ ਮਿੰਡੋਸ-2 ਨੂੰ ਪਾਸ ਕਰਵਾਉਣ ਲਈ ਆਨ-ਲਾਈਨ ਅਪਲਾਈ ਕੀਤਾ ਸੀ ਜਿਸ ਨੂੰ ਮੰਨਦਿਆਂ ਸਥਾਨਕ ਸਰਕਾਰਾਂ ਵਿਭਾਗ ਨੇ ਕਲੋਨੀਆਂ ਨੂੰ ਮਾਨਤਾ ਦਿੱਤੀ ਸੀ। ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ ਕਲੋਨੀਆਂ ਡਰੀਮ ਮਿੰਡੋਸ-1 ਅਤੇ ਡਰੀਮ ਮਿੰਡੋਸ-2 ਇੱਕ ਹੀ ਕੰਪਨੀ ਵਲੋਂ ਕੱਟੀਆਂ ਗਈਆਂ ਹਨ ਅਤੇ ਦੋਵੇਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਦੋਵਾਂ ਲਈ ਸੀਸਵਾਂ ਰੋਡ ’ਤੋਂ ਇੱਕ ਹੀ ਰਸਤਾ ਹੈ। ਫੀਸ ਬਚਾਉਣ ਲਈ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਤਰ੍ਹਾਂ ਕੰਪਨੀ ਵਲੋਂ ਸਰਕਾਰ ਨੂੰ ਦੋ ਕਰੋੜ ਤੋਂ ਵੀ ਵੱਧ ਦਾ ਚੂਨਾ ਲਗਾਇਆ ਗਿਆ। ਉਕਤ ਰਿਪੋਰਟ ਦੇ ਮੱਦੇਨਜ਼ਰ ਹੀ ਭਾਵੇਂ ਸਥਾਨਕ ਸਰਕਾਰਾਂ ਵਿਭਾਗ ਦੀ ਡਿਪਟੀ ਡਾਇਰੈਕਟਰ ਪਟਿਆਲਾ ਵਲੋਂ ਕੰਪਨੀ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ। ਪਰ ਵਿਜੀਲੈਂਸ ਨੇ ਇਸ ਕਾਰਵਾਈ ਨੂੰ ਹੋਰ ਅੱਗੇ ਤੋਰਦਿਆਂ ਹੁਣ ਕੰਪਨੀ ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ ਅਤੇ ਜੀਐਮ ਨਗਿੰਦਰ ਰਾਓ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਤੇ ਤਤਕਾਲੀ ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ (ਹੁਣ ਸੇਵਾ ਮੁਕਤ) ਅਤੇ ਤਤਕਾਲੀ ਸੀਨੀਅਰ ਟਾਊਨ ਪਲਾਨਰ ਸ਼ਕਤੀ ਸਾਗਰ ਭਾਟੀਆ (ਹੁਣ ਸੇਵਾਮੁਕਤ) ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਡਬਲਿਊ ਡਬਲਿਊ ਆਈ.ਸੀ.ਐੱਸ. ਕੰਪਨੀ ਦੇ ਸੀਨੀਅਰ ਮੈਨੇਜਰ ਗੁਰਵਿੰਦਰ ਸਿੰਘ ਪਹਿਲਾਂ ਹੀ ਦੋਸ਼ਾਂ ਨੂੰ ਰੱਦ ਕਰ ਚੁੱਕੇ ਹਨ ਅਤੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਦਾਲਤ ਵਲੋਂ ਕੰਪਨੀ ਨੂੰ ਇਨਸਾਫ਼ ਜ਼ਰੂਰ ਮਿਲੇਗਾ।