ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਜੁਲਾਈ
ਮੁਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਵਸਦੇ ਪਿੰਡ ਝਿਊਰਹੇੜੀ ਵਿੱਚ ਮੰਗਲਵਾਰ ਨੂੰ ਦੂਜੇ ਦਿਨ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੇ ਦਿਸਾ-ਨਿਰਦੇਸ਼ਾਂ ’ਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਗਏ। ਦੱਸਣਯੋਗ ਹੈ ਪੰਜਾਬੀ ਟ੍ਰਿਬਿਊਨ ਵੱਲੋਂ ਇਸ ਮਾਮਲੇ ਸਬੰਧੀ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਹੈਲਥ ਇੰਸਪੈਕਟਰ ਦਿਨੇਸ਼ ਚੌਧਰੀ ਨੇ ਦੱਸਿਆ ਕਿ ਝਿਊਰਹੇੜੀ ਦਾ ਦੌਰਾ ਕਰ ਕੇ ਪਾਣੀ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇੱਕ ਸੈਂਪਲ ਟਿਊਬਵੈੱਲ ਦੇ ਪਾਈਪ ’ਚੋਂ ਲਿਆ ਜਦੋਂ ਕਿ 4 ਸੈਂਪਲ ਵੱਖ-ਵੱਖ ਘਰਾਂ ’ਚੋਂ ਲਏ ਗਏ ਹਨ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬਾਰੇਟਰੀ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ 8 ਤੋਂ 10 ਵਿਅਕਤੀਆਂ ਦੇ ਬੀਮਾਰ ਹੋਣ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਨੂੰ ਮੌਕੇ ’ਤੇ ਹੀ ਓਆਰਐੱਸ ਦੀਆਂ ਗੋਲੀਆਂ ਵੰਡੀਆਂ ਗਈਆਂ। ਪੇਚਸ਼ ਬਾਰੇ ਮੰਦਰ ਅਤੇ ਗੁਰਦੁਆਰੇ ’ਚੋਂ ਅਨਾਊਮੈਂਟ ਕਰਵਾ ਕੇ ਜਾਗਰੂਕ ਕੀਤਾ ਗਿਆ। ਗ੍ਰਾਮ ਪੰਚਾਇਤ ਨੇ ਨੇ ਜਾਂਚ ਟੀਮ ਨੂੰ ਦੱਸਿਆ ਕਿ ਕੁਝ ਪਿੰਡ ਵਾਸੀ ਨਵਾਂ ਕੁਨੈਕਸ਼ਨ ਜੋੜਨ ਲਈ ਪਲੰਬਰ ਨੂੰ ਬੁਲਾਉਣ ਦੀ ਬਜਾਏ ਖ਼ੁਦ ਹੀ ਜੁਗਾੜੂ ਢੰਗ ਨਾਲ ਕੁਨੈਕਸ਼ਨ ਜੋੜ ਲੈਂਦੇ ਹਨ। ਇਸ ਕਾਰਨ ਵਾਟਰ ਸਪਲਾਈ ਪਾਈਪਲਾਈਨ ਥਾਂ-ਥਾਂ ਤੋਂ ਕੰਡਮ ਹੋ ਗਈ ਹੈ।