ਮਿਹਰ ਸਿੰਘ
ਕੁਰਾਲੀ, 18 ਨਵੰਬਰ
ਸਥਾਨਕ ਵਾਰਡ ਨੰਬਰ 12 ਦੀ ਸਿੰਘਪੁਰਾ ਰੋਡ ’ਤੇ ਨਗਰ ਕੌਂਸਲ ਵੱਲੋਂ ਸੀਵਰੇਜ ਦੀ ਪਾਈਪ ਲਾਈਨ ਵਿਛਾਉਣ ਲਈ ਕੀਤੀ ਗਈ ਖੁਦਾਈ ਕਾਰਨ ਗਲੀਆਂ ਦਾ ਨਿਕਾਸੀ ਪ੍ਰਬੰਧ ਠੱਪ ਹੋ ਕੇ ਰਹਿ ਗਿਆ ਹੈ। ਕੌਂਸਲ ਦੀ ਗੈਰ-ਯੋਜਨਾਬੰਦੀ ਕਾਰਨ ਕਲੋਨੀ ਦਾ ਨਿਕਾਸੀ ਪ੍ਰਬੰਧ ਕੀਤੇ ਬਗੈਰ ਕੀਤੀ ਪੁਟਾਈ ਕਾਰਨ ਦੂਸ਼ਿਤ ਪਾਣੀ ਸੀਵਰੇਜ ਲਈ ਪੁੱਟੇ ਖੱਡਿਆਂ ਵਿੱਚ ਭਰ ਗਿਆ। ਕਈ ਕਈ ਫੁੱਟ ਭਰੇ ਪਾਣੀ ਕਾਰਨ ਕਲੋਨੀ ਦੀਆਂ ਇਮਾਰਤਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਬਣ ਗਿਆ ਹੈ। ਕਲੋਨੀ ਵਾਸੀਆਂ ਨੇ ਕੌਂਸਲ ਅਧਿਕਾਰੀਆਂ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ।
ਵਾਰਡ ਵਾਸੀ ਰੋਸ਼ਨ ਲਾਲ, ਜਸਵਿੰਦਰ ਸਿੰਘ, ਅਵਤਾਰ ਸਿੰਘ, ਸਵਰਨ ਸਿੰਘ ਸੈਣੀ, ਰਜਿੰਦਰ ਕੁਮਾਰ, ਬਲਵੀਰ ਸਿੰਘ ਅਤੇ ਮੁਨੀਸ ਗੁਪਤਾ ਨੇ ਕਲੋਨੀ ਵਿੱਚ ਸੀਵਰੇਜ ਪਾਈਪ ਲਾਈਨ ਪਾਉਣ ਲਈ ਅਤੇ ਗਲੀਆਂ ਦੀ ਕੀਤੀ ਪੁਟਾਈ ਵਿੱਚ ਕਈ ਕਈ ਫੁੱਟ ਭਰਿਆ ਗੰਦਾ ਪਾਣੀ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਕੌਂਸਲ ਵੱਲੋਂ ਸੀਵਰੇਜ ਦੀ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਅਤੇ ਇਹ ਕੰਮ ਠੇਕੇਦਾਰ ਵੱਲੋਂ ਬਹੁਤ ਹੀ ਢਿੱਲੇ ਅਤੇ ਗੈਰ-ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸੀਵਰੇਜ ਦੀ ਪਾਈਪ ਲਾਈਨ ਵਿਛਾਉਣ ਲਈ ਖੁਦਾਈ ਤਾਂ ਕਰ ਦਿੱਤੀ ਪਰ ਘਰਾਂ ਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਲੋਨੀ ਦੀ ਕੀਤੀ ਖੁਦਾਈ ਕਾਰਨ 100 ਤੋਂ ਵੱਧ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਪਿਛਲੇ ਕਈ ਦਿਨਾਂ ਤੋਂ ਠੱਪ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਦੂਸ਼ਿਤ ਪਾਣੀ ਗਲੀਆਂ ਵਿੱਚ ਜਮ੍ਹਾਂ ਹੋਣ ਤੋਂ ਇਲਾਵਾ ਸੀਵਰੇਜ ਦੀ ਪਾਈਪ ਲਾਈਨ ਪਾਏ ਜਾਣ ਲਈ ਪੁੱਟੇ ਟੋਇਆਂ ਵਿੱਚ ਜਮ੍ਹਾਂ ਹੋ ਰਿਹਾ ਹੈ। ਇਸ ਕਾਰਨ ਉਨ੍ਹਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ।
ਰੌਸ਼ਨ ਲਾਲ ਅਤੇ ਜਸਵਿੰਦਰ ਸਿੰਘ ਨੇ ਕੌਂਸਲ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ ਅਤੇ ਗਲੀਆਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਜਦੋਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਭਜਨ ਚੰਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਪਰ ਉਨ੍ਹਾਂ ਤੁਰੰਤ ਕੌਂਸਲ ਮੁਲਾਜ਼ਮਾਂ ਦੀ ਡਿਊਟੀ ਲਾ ਕੇ ਇਸ ਮਾਮਲੇ ਦੀ ਜਾਣਕਾਰੀ ਲੈਣ ਅਤੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।