ਮੁਕੇਸ਼ ਕੁਮਾਰ
ਚੰਡੀਗੜ੍ਹ, 20 ਨਵੰਬਰ
ਵਿੱਤੀ ਸੰਕਟ ’ਚੋਂ ਲੰਘ ਰਹੀ ਨਗਰ ਨਿਗਮ ਦਾ ਅਸਰ ਸ਼ਹਿਰ ਵਾਸੀਆਂ ਦੀ ਜੇਬ ’ਤੇ ਪੈ ਸਕਦਾ ਹੈ। ਨਗਰ ਨਿਗਮ ਆਪਣੀ ਆਮਦਨ ਵਧਾਉਣ ਲਈ ਸ਼ਹਿਰ ਵਾਸੀਆਂ ’ਤੇ ਟੈਕਸਾਂ ਦਾ ਬੋਝ ਪਾਉਣ ਦੀ ਤਿਆਰੀ ਵਿੱਚ ਹੈ। ਨਗਰ ਨਿਗਮ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਦੀ ਤਰਜ਼ ’ਤੇ ਬਿਜਲੀ ਦੇ ਬਿੱਲਾਂ ਉੱਤੇ ਟੈਕਸ ਵਸੂਲਣ ਸਬੰਧੀ ਇੱਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਇਸ ਮਹੀਨੇ 23 ਨਵੰਬਰ ਨੂੰ ਹੋਣ ਵਾਲੀ ਨਿਗਮ ਹਾਊਸ ਦੀ ਮੀਟਿੰਗ ਵਿੱਚ ਚਰਚਾ ਲਈ ਪੇਸ਼ ਕੀਤਾ ਜਾ ਸਕਦਾ ਹੈ। ਨਗਰ ਨਿਗਮ ਦੀ ਇਸ ਤਜਵੀਜ਼ ਬਾਰੇ ਹਾਊਸ ਮੀਟਿੰਗ ਵਿੱਚ ਸ਼ਹਿਰ ਦੇ ਕੌਂਸਲਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੌਂਸਲਰਾਂ ਦੀ ਦਲੀਲ ਹੈ ਕਿ ਨਗਰ ਨਿਗਮ ਵਿੱਤੀ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ। ਇਸ ਲਈ ਨਿਗਮ ਨੂੰ ਸ਼ਹਿਰ ਦੇ ਨਾਗਰਿਕਾਂ ’ਤੇ ਵਿੱਤੀ ਭਾਰ ਪਾਉਣ ਦੀ ਬਜਾਇ ਲੱਖਾਂ ਰੁਪਏ ਦੇ ਬਕਾਏ ਵਸੂਲਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਜਾਣਕਾਰੀ ਅਨੁਸਾਰ ਇਹ ਖਰੜਾ ਨਿਗਮ ਦੀ ਹਾਊਸ ਦੀ ਮੀਟਿੰਗ ਦੌਰਾਨ ਪੇਸ਼ ਕਰਨ ਦੀ ਤਿਆਰੀ ਹੈ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਮੌਜੂਦ ਹੋਣਗੇ। ਖਰੜੇ ਲਈ ਨਗਰ ਨਿਗਮ ਪ੍ਰਸ਼ਾਸਨ ਦਾ ਵਿਰੋਧ ਹੋ ਸਕਦਾ ਹੈ। ਖਰੜੇ ਅਨੁਸਾਰ ਨਗਰ ਨਿਗਮ ਪੰਜਾਬ ਦੀ ਤਰਜ਼ ’ਤੇ ਬਿਜਲੀ ਦੇ ਬਿੱਲਾਂ ’ਤੇ ਸਰਚਾਰਜ 10 ਪੈਸੇ ਪ੍ਰਤੀ ਯੂਨਿਟ ਤੋਂ ਵਧਾ ਕੇ 16 ਪੈਸੇ ਪ੍ਰਤੀ ਯੂਨਿਟ ਵਾਧਾ ਕਰਨਾ ਚਾਹੁੰਦਾ ਹੈ ਤੇ ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਇਸ ਖਰੜੇ ਅਨੁਸਾਰ ਨਗਰ ਨਿਗਮ ਨੂੰ ਬਿਜਲੀ ਦੇ ਬਿੱਲਾਂ ਤੋਂ ਹੋਣ ਵਾਲੀ ਆਮਦਨੀ 15-16 ਕਰੋੜ ਤੋਂ ਵਧ ਕੇ 22-23 ਕਰੋੜ ਹੋ ਜਾਵੇਗੀ ਅਤੇ ਨਿਗਮ ਨੂੰ ਮਾਲੀ ਸਹਾਇਤਾ ਮਿਲੇਗੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਨਿਗਮ ਦੀ ਮਾਲੀ ਹਾਲਤ ਬਾਰੇ ਮੇਅਰ ਨੇ ਪ੍ਰਸ਼ਾਸਕ ਨੂੰ ਵਾਧੂ ਫੰਡ ਜਾਰੀ ਕਰਨ ਦੀ ਕਈ ਵਾਰੀ ਅਪੀਲ ਕੀਤੀ ਹੈ, ਪਰ ਪ੍ਰਸ਼ਾਸਨ ਵਲੋਂ ਨਿਗਮ ਨੂੰ ਆਪਣੀ ਆਮਦਨ ਦੇ ਸਰੋਤ ਪੈਦਾ ਕਰਨ ਅਤੇ ਬਕਾਏ ਦੀ ਵਸੂਲੀ ਦੀ ਨਸੀਹਤ ਦੇ ਕੇ ਵਾਧੂ ਫੰਡ ਜਾਰੀ ਕਰਨ ਤੋਂ ਨਾਂਹ ਕੀਤੀ ਗਈ ਹੈ। ਇਸ ਤੋਂ ਬਾਅਦ ਮੇਅਰ ਸਣੇ ਸਮੁੱਚਾ ਨਿਗਮ ਪ੍ਰਸ਼ਾਸਨ ਆਮਦਨੀ ਦੇ ਸਰੋਤ ਤਲਾਸ਼ਣ ਅਤੇ ਨਿਗਮ ਦੀ ਵਿੱਤੀ ਹਾਲਤ ਸੁਧਾਰਨ ਲਈ ਤਰਲੋਮੱਛੀ ਹੋ ਰਿਹਾ ਹੈ।
ਨਿਗਮ ਕਮਿਸ਼ਨਰ ਨੇ ਪਿਛਲੇ ਪੰਜ ਸਾਲ ਦਾ ਰਿਕਾਰਡ ਮੰਗਿਆ
ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਨਿਗਮ ਦੀ ਵਿੱਤੀ ਸਥਿਤੀ ਦਾ ਜਾਇਜ਼ਾ ਲੈਣ ਲਈ ਬੁੱਧਵਾਰ ਨੂੰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਪ੍ਰਾਪਤੀਆਂ ਦੀ ਵਿਸਥਾਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ। ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਹੋਈ ਸਮੀਖਿਆ ਮੀਟਿੰਗ ਵਿੱਚ ਪਿਛਲੇ ਪੰਜ ਸਾਲਾਂ ਦੀਆਂ ਪ੍ਰਾਪਤੀਆਂ ਅਤੇ ਖ਼ਰਚਿਆਂ ਸਣੇ ਨਗਰ ਨਿਗਮ ਦੀ ਵਿੱਤੀ ਸਥਿਤੀ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਕਮਿਸ਼ਨਰ ਨੇ ਪਬਲਿਕ ਹੈਲਥ, ਪ੍ਰਾਪਰਟੀ ਟੈਕਸ, ਸੜਕਾਂ, ਮੋਬਾਈਲ ਟਾਵਰ, ਆਪਣੀ ਮੰਡੀ ਸਣੇ ਵੱਖ-ਵੱਖ ਵਿੰਗਾਂ ਦੀਆਂ ਪ੍ਰਾਪਤੀਆਂ ਦਾ ਜਾਇਜ਼ਾ ਲਿਆ। ਸਮੀਖਿਆ ਮੀਟਿੰਗ ਵਿੱਚ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ, ਚੀਫ ਇੰਜਨੀਅਰ ਸੰਜੇ ਅਰੋੜਾ, ਸੁਪਰਡੈਂਟ ਇੰਜਨੀਅਰ, ਕਾਰਜਕਾਰੀ ਇੰਜਨੀਅਰ, ਸਬੰਧਤ ਡੀਡੀਓ ਤੇ ਲੇਖਾ ਅਧਿਕਾਰੀਆਂ ਸਣੇ ਸਾਰੇ ਸੀਨੀਅਰ ਅਧਿਕਾਰੀ ਹਾਜ਼ਰ ਸਨ।