ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 16 ਜੂਨ
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਮਟੌਰ ਵਿੱਚ ਧਰਮਸ਼ਾਲਾ ਦੀ ਉਸਾਰੀ ਨੂੰ ਲੈ ਕੇ ਸਿਆਸਤ ਭਖ਼ ਗਈ ਹੈ। ਬੀਤੇ ਕੱਲ੍ਹ ਆਜ਼ਾਦ ਗਰੁੱਪ ਦੀ ਕੌਂਸਲਰ ਕਰਮਜੀਤ ਕੌਰ ਨੇ ਧਰਮਸ਼ਾਲਾ ਦੀ ਪਹਿਲੀ ਮੰਜ਼ਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਅਤੇ ਲੱਡੂ ਵੰਡੇ ਗਏ ਅਤੇ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਹਿਲੀ ਮੰਜ਼ਲ ਦੀ ਉਸਾਰੀ ਬਾਬਤ ਨੀਂਹ ਪੱਥਰ ਰੱਖਿਆ। ਬੀਬੀ ਕਰਮਜੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਦੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਧਰਮਸ਼ਾਲਾ ਦੀ ਪਹਿਲੀ ਮੰਜ਼ਲ ਦੀ ਉਸਾਰੀ ਲਈ 14 ਲੱਖ 75 ਹਜ਼ਾਰ ਰੁਪਏ ਦਾ ਮਤਾ ਪਾਸ ਕਰਵਾਇਆ ਸੀ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ। ਮੇਅਰ ਅਮਰਜੀਤ ਸਿੰਘ ਜੀਤੂ ਨੇ ਅੱਜ ਨੀਂਹ ਪੱਥਰ ਰੱਖਣ ਮੌਕੇ ਦੱਸਿਆ ਕਿ ਇਸ ਕੰਮ ’ਤੇ 14 ਲੱਖ ਰੁਪਏ ਖਰਚੇ ਜਾਣਗੇ। ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਦੇ ਅਧੀਨ ਆਉਂਦੇ ਛੇ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਈ ਹੋਰ ਵਿਕਾਸ ਕਾਰਜ ਪਿਛਲੀ ਮੀਟਿੰਗ ਵਿੱਚ ਪਾਸ ਕੀਤੇ ਹਨ ਤੇ ਲੋਕਾਂ ਦੀ ਰਾਏ ਅਤੇ ਲੋੜ ਅਨੁਸਾਰ ਸ਼ਹਿਰ ਦੇ ਬਹੁਪੱਖੀ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਨਾ ਹੀ ਮਿਆਰ ਨਾਲ ਸਮਝੌਤਾ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸ ਆਗੂ ਪ੍ਰਦੀਪ ਸੋਨੀ, ਅਮਰੀਕ ਸਿੰਘ ਸਰਪੰਚ, ਬਿੰਦਾ ਮਟੌਰ, ਮੱਖਣ ਸਿੰਘ, ਬਲਜਿੰਦਰ ਪੱਪੂ, ਸੁਦਾਗਰ ਖਾਨ, ਦਿਲਬਰ ਖਾਨ, ਬਹਾਦਰ ਸਿੰਘ, ਹੰਸਰਾਜ ਸ਼ਰਮਾ, ਕਾਕਾ ਬਾਣੀਆ, ਮਲਕੀਤ ਕੌਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਬਲਜਿੰਦਰ ਕੌਰ, ਨਿਰਮਲ ਕੌਰ, ਅਸ਼ਵਨੀ ਰਾਣਾ ਹਾਜ਼ਰ ਸਨ।