ਹਰਜੀਤ ਸਿੰਘ
ਜ਼ੀਰਕਪੁਰ, 5 ਅਕਤੂਬਰ
ਨੇੜਲੇ ਪਿੰਡ ਨਾਭਾ ਸਾਹਿਬ ਦੀ ਹਦੂਦ ਅੰਦਰ ਆਉਂਦੀ ਪੰਜ ਵਿਘੇ 17 ਬਿਸਵੇ ਬਹੁ-ਕਰੋੜੀ ਜ਼ਮੀਨ ਦੇ ਫਰਜ਼ੀ ਮਾਲਕ ਬਣ ਕੇ ਤਹਿਸੀਲ ’ਚ ਰਜਿਸਟਰੀ ਕਰਵਾਉਣ ਆਏ ਪੰਜ ਜਣਿਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਤਹਿਸੀਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਨਾਭਾ ਸਾਹਿਬ ਵਿਖੇ ਪੈਂਦੀ ਪੰਜ ਵਿਘੇ 17 ਵਿਸਵੇ ਜ਼ਮੀਨ ਦਾ ਇਕ ਵਸੀਕਾ ਪੇਸ਼ ਹੋਇਆ ਜਿਸ ’ਚ ਮੈਸ. ਕਲਾਰੀਅਲ ਟੈਕ ਲਿਮ. ਦੀ ਮਾਲਕੀ ਦਿਖਾਈ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਸਲੀ ਮਾਲਕਾਂ ਵੱਲੋਂ ਵੀ ਸਬ ਤਹਿਸੀਲ ਵਿੱਚ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਜ਼ਮੀਨ ਫਰਜ਼ੀ ਮਾਲਕ ਬਣ ਕੇ ਕੋਈ ਵੇਚਣ ਦੀ ਫਿਰਾਕ ਵਿੱਚ ਹੈ। ਸ਼ਿਕਾਇਤ ਮੁਤਾਬਕ ਤਹਿਸੀਲਦਾਰ ਨੂੰ ਸ਼ੱਕ ਪੈਣ ’ਤੇ ਉਨ੍ਹਾਂ ਵੱਲੋਂ ਜ਼ਮੀਨ ਮਾਲਕਾਂ ਨੂੰ ਆਪਣੇ ਮਾਲਕੀ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ। ਫਰਜ਼ੀ ਮਾਲਕ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਤਹਿਸੀਲਦਾਰ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮਨੀਸ਼ ਕੁਮਾਰ ਤਨੇਜਾ ਵਾਸੀ ਰੋਹਿਣੀ ਦਿੱਲੀ, ਮਹਿਲਾ ਗੁੰਜਨ ਸ਼ਰਮਾ ਵਾਸੀ ਵਿਕਾਸ ਨਗਰ ਅਲੀਗੜ੍ਹ ਉੱਤਰ ਪ੍ਰਦੇਸ਼, ਮਹਿਲਾ ਅੰਜੂ ਆਹੂਜਾ ਵਾਸੀ ਦਿੱਲੀ, ਨਛੱਤਰ ਸਿੰਘ ਵਾਸੀ ਫਾਜ਼ਿਲਕਾ ਅਤੇ ਗਣੇਸ਼ ਕੁਮਾਰ ਵਾਸੀ ਦਿੱਲੀ ਵਜੋਂ ਹੋਈ ਹੈ। ਤਹਿਸੀਲਦਾਰ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਮਨੀਸ਼ ਕੁਮਾਰ ਅਤੇ ਦੋਵੇਂ ਔਰਤਾਂ ਨੇ ਖ਼ੁਦ ਨੂੰ ਮਾਲਕ ਅਤੇ ਨਛੱਤਰ ਸਿੰਘ ਅਤੇ ਗਣੇਸ਼ ਕੁਮਾਰ ਨੂੰ ਖਰੀਦਦਾਰ ਬਣਾਇਆ ਹੋਇਆ ਸੀ। ਪੁਲੀਸ ਨੇ ਪੰਜੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।