ਪੱਤਰ ਪ੍ਰੇਰਕ
ਚੰਡੀਗੜ੍ਹ, 15 ਜੁਲਾਈ
ਭਾਈ ਵੀਰ ਸਿੰਘ ਦੀ 150 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਪੰਜ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਈਸੀਐੱਸਐੱਸਆਰ ਕਾਨਫਰੰਸ ਹਾਲ ਵਿਖੇ ਹੋਇਆ। ਇਹ ਕਾਨਫਰੰਸ ਖੋਜ ਸੰਸਥਾ ਨਾਦ ਪ੍ਰਗਾਸ ਸ੍ਰੀ ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ਕਰਵਾਈ ਗਈ, ਜਿਸ ਦੌਰਾਨ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ 64 ਖੋਜ ਪੱਤਰ ਪੇਸ਼ ਕੀਤੇ ਜਾਣਗੇ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ.ਪੀ. ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਗੁਰਮੁਖ-ਉਸਾਰੂ ਸੋਚ ਅਤੇ ਸਰਬੱਤ ਦੇ ਭਲੇ ਵਾਲੀ ਸ਼ਖ਼ਸੀਅਤ ਹਨ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਨੂੰ ਧਿਆਨ ਵਿਚ ਰੱਖ ਕੇ ਵਿਦਿਅਕ ਪ੍ਰਣਾਲੀਆਂ ਸਥਾਪਿਤ ਹੋਣੀਆਂ ਚਾਹੀਦੀਆਂ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਦੇ ਨੁਮਾਇੰਦੇ ਡਾ. ਹਰਸ਼ ਨਈਅਰ ਨੇ ਕਿਹਾ ਕਿ ਇਸ ਕਾਨਫਰੰਸ ਰਾਹੀਂ ਚੰਗੀ ਬਹਿਸ ਸਾਹਮਣੇ ਆ ਸਕੇਗੀ। ਡੀ.ਯੂ.ਆਈ. ਡਾ. ਰੁਮੀਨਾ ਸੇਠੀ ਨੇ ਸੁਆਗਤੀ ਸ਼ਬਦ ਬੋਲਦਿਆਂ ਕਿਹਾ ਕਿ ਅਕਾਦਮਿਕਤਾ ਦੀ ਚਿੰਤਨ ਅਭਿਆਸ ਪ੍ਰਕਿਰਿਆ ਵਿਚ ਭਾਈ ਵੀਰ ਸਿੰਘ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਉਹ ਸ਼ਖਸੀਅਤ ਹੈ, ਜਿਸ ਨੂੰ ਵਰਤਮਾਨ ਪਰਿਪੇਖ ਵਿਚ ਵਿਚਾਰਨ ਦੀ ਲੋੜ ਹੈ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪ੍ਰੋ. ਚਾਂਸਲਰ ਡਾ. ਆਰ.ਐਸ. ਬਾਵਾ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਚੇਅਰਪਰਸਨ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਦੋ ਪੁਸਤਕਾਂ ‘ਭਾਈ ਵੀਰ ਸਿੰਘ ਦੀ ਅਨੁਵਾਦ ‘ਸੁਕਰਾਤ ਦਾ ਮੁਕੱਦਮਾ’, ਗੋਲਡਨ ਫੈਦਰਸ ਅਤੇ ਇਕ ਤ੍ਰੈਮਾਸਕੀ ਮੈਗਜ਼ੀਨ ‘ਮਕਰੰਦ’ ਲੋਕ ਅਰਪਣ ਕੀਤੇ ਗਏ।