ਨਿੱਜੀ ਪੱਤਰ ਪੇ੍ਰਕ
ਡੇਰਾਬੱਸੀ, 13 ਅਕਤੂਬਰ
ਇਥੋਂ ਦੇ ਨੇੜਲੇ ਪਿੰਡ ਕੁੜਾਵਾਲਾ ਵਿਖੇ ਦੂਸ਼ਿਤ ਪਾਣੀ ਕਾਰਨ ਫੈਲੇ ਪੇਚਿਸ਼ ਦਾ ਕਹਿਰ ਹੁਣ ਘੱਟਣ ਲੱਗਿਆ ਹੈ। ਇਥੇ ਅੱਜ ਸਿਰਫ਼ ਪੰਜ ਮਰੀਜ਼ ਸਾਹਮਣੇ ਆਏ ਹਨ। ਪਿੰਡ ਵਿੱਚ ਹੁਣ ਤੱਕ ਕੁੱਲ 73 ਮਰੀਜ਼ ਸਾਹਮਣੇ ਆ ਚੁੱਕੇ ਹਨ। ਪਿੰਡ ਵਿੱਚ ਮਰੀਜ਼ਾਂ ਦੀ ਗਿਣਤੀ ਘੱਟਣ ਮਗਰੋਂ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ। ਦੂਜੇ ਪਾਸੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਹਾਲਤ ਵਿੱਚ ਸੁਧਾਰ ਹੋਣ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਿਵਲ ਹਸਪਤਾਲ ਦੀ ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਪਿੰਡ ਵਿੱਚ ਪਹਿਲੇ ਦਿਨ ਤੋਂ ਸਿਹਤ ਵਿਭਾਗ ਵੱਲੋਂ ਜਾਂਚ ਕੈਂਪ ਲਾਇਆ ਗਿਆ ਹੈ। ਕੈਂਪ ਦੌਰਾਨ ਅੱਜ 60 ਲੋਕਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ ਤਿੰਨ ਮਰੀਜ਼ਾਂ ਦੀ ਪੇਚਿਸ਼ ਦੀ ਪੁਸ਼ਟੀ ਹੋਈ ਹੈ। ਇਸੇ ਤਰ੍ਹਾਂ ਸਿਹਤ ਵਿਭਾਗ ਵੱਲੋਂ 124 ਘਰਾਂ ਦਾ ਸਰਵੇ ਕੀਤਾ ਗਿਆ ਜਿਸ ਦੌਰਾਨ 2 ਮਰੀਜ਼ ਪੇਚਿਸ਼ ਦੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਪਿੰਡ ਵਿੱਚੋਂ 68 ਮਰੀਜ਼ ਸਾਹਮਣੇ ਆ ਚੁੱਕੇ ਹਨ। ਅੱਜ ਕਿਸੇ ਵੀ ਮਰੀਜ਼ ਨੂੰ ਸਿਵਲ ਹਸਪਤਾਲ ਵਿਖੇ ਰੈਫਰ ਨਹੀਂ ਕੀਤਾ ਗਿਆ। ਹੁਣ ਤੱਕ 20 ਦੇ ਕਰੀਬ ਮਰੀਜ਼ਾਂ ਵਿੱਚ ਪਾਣੀ ਘੱਟਣ ਮਗਰੋਂ ਸਿਵਲ ਹਸਪਤਾਲ ਰੈਫਰ ਕੀਤਾ ਸੀ। ਹੁਣ ਮਰੀਜ਼ਾਂ ਦੀ ਗਿਣਤੀ ਘਟਣ ਕਾਰਨ ਪ੍ਰਸ਼ਾਸਨ ਨੂੰ ਕੁਝ ਰਾਹਤ ਮਿਲੀ ਹੈ।