ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 6 ਅਕਤੂਬਰ
ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਲੰਘੀ ਰਾਤ ਹੁੱਲੜਬਾਜ਼ੀ ਕਰਨ ਦੇ ਦੋਸ਼ ਵਿੱਚ ਪੰਜ ਨੌਜਵਾਨਾਂ ਹਰਪ੍ਰੀਤ ਸਿੰਘ, ਸਾਹਿਲ ਖਾਨ, ਗਗਨਦੀਪ ਸਿੰਘ, ਜੁਗਪ੍ਰੀਤ ਸਿੰਘ ਅਤੇ ਮੋਹਿਤ ਕੁਮਾਰ ਦੇ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਰਾਤ ਨੂੰ ਕੁਝ ਨੌਜਵਾਨ ਇਕ ਸਫ਼ਾਰੀ ਗੱਡੀ ਵਿੱਚ ਸਵਾਰ ਹੋ ਕੇ ਮਾਰਕੀਟ ਵਿੱਚ ਆਏ ਸੀ। ਇਸ ਦੌਰਾਨ ਇਕ ਨੌਜਵਾਨ ਕਾਰ ’ਤੇ ਬੋਨਟ ’ਤੇ ਬੈਠ ਗਿਆ ਜਦੋਂ ਕਿ ਦੋ ਨੌਜਵਾਨ ਕਾਰ ਦੀ ਛੱਤ ’ਤੇ ਚੜ੍ਹ ਕੇ ਬੜ੍ਹਕਾਂ ਮਾਰ ਕੇ ਹੁੱਲੜਬਾਜ਼ੀ ਕਰਨ ਲੱਗ ਪਏ। ਇਨ੍ਹਾਂ ਦੇ ਬਾਕੀ ਸਾਥੀ ਵੀ ਖੌਰੂ ਪਾਉਣ ਤੋਂ ਪਿੱਛੇ ਨਹੀਂ ਹਟੇ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਕਾਰਨ ਬਾਜ਼ਾਰ ਆਉਣ ਵਾਲੇ ਲੋਕ ਖਾਸ ਕਰਕੇ ਔਰਤਾਂ ਅਤੇ ਲੜਕੀਆਂ ਕਾਫੀ ਖੌਫ਼ਜ਼ਦਾ ਹਨ।
‘ਆਪ’ ਆਗੂ ਅਤੇ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਇਹ ਮਾਮਲਾ ਡੀਐਸਪੀ (ਸਿਟੀ) ਗੁਰਸ਼ੇਰ ਸਿੰਘ ਸੰਧੂ ਦੇ ਧਿਆਨ ਵਿੱਚ ਲਿਆਂਦਾ। ਇਸ ਮਗਰੋਂ ਪੀਸੀਆਰ ਦੇ ਕਰਮਚਾਰੀ ਮਾਰਕੀਟ ਵਿੱਚ ਪਹੁੰਚ ਗਏ ਅਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਸਫ਼ਾਰੀ ਗੱਡੀ ਚਲਾ ਰਹੇ ਨੌਜਵਾਨ ਨੇ ਹੌਲਦਾਰ ਉੱਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਹੌਲਦਾਰ ਨੇ ਪਿੱਛੇ ਹਟ ਕੇ ਆਪਣੀ ਜਾਨ ਬਚਾਈ। ਇਸ ਮਗਰੋਂ ਪੁਲੀਸ ਨੇ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਥਾਣੇ ਲੈ ਗਈ। ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਖ਼ਿਲਾਫ਼ ਦੇਰ ਰਾਤ ਮਟੌਰ ਥਾਣੇ ਵਿੱਚ ਧਾਰਾ 307, 279, 354 ਕੇਸ ਦਰਜ ਕੀਤਾ ਗਿਆ। ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਾਮ ਵੇਲੇ ਪੁਲੀਸ ਦੀ ਇੱਕ ਪੈਟ੍ਰੋਲਿੰਗ ਟੀਮ ਵੱਲੋਂ ਫੇਜ਼-3ਬੀ2 ਦੀ ਮਾਰਕੀਟ ਵਿੱਚ ਟਾਟਾ ਸਫ਼ਾਰੀ ਗੱਡੀ ’ਤੇ ਹੁੱਲੜਬਾਜ਼ੀ ਕਰਨ ਅਤੇ ਲੜਕੀਆਂ ਨੂੰ ਗਲਤ ਕੁਮੈਂਟ ਕਰਨ ਵਾਲੇ ਨੌਜਵਾਨਾਂ ਨੂੰ ਰੋਕਿਆ ਗਿਆ ਸੀ ਪ੍ਰੰਤੂ ਹੁੱਲੜਬਾਜ਼ਾਂ ਨੇ ਹੌਲਦਾਰ ਜਸਪਾਲ ਸਿੰਘ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਗੱਡੀ ਭਜਾ ਲਈ ਲੇਕਿਨ ਪੁਲੀਸ ਨੇ ਕਾਰ ਵਿੱਚ ਸਵਾਰ 5 ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਹੌਲਦਾਰ ਜਸਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਸਾਰੇ ਨੌਜਵਾਨਾਂ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਜਦੋਂਕਿ ਬਾਕੀ ਨੌਜਵਾਨਾਂ ਨੂੰ ਸਖ਼ਤ ਤਾੜਨਾ ਕਰਕੇ ਛੱਡ ਕੇ ਦਿੱਤਾ।