ਹਰਜੀਤ ਸਿੰਘ
ਜ਼ੀਰਕਪੁਰ, 2 ਜਨਵਰੀ
ਇਥੋਂ ਦੇ ਛੱਤਬੀੜ ਚਿੜੀਆਘਰ ਵਿੱਚ ਨਵੇਂ ਵਰ੍ਹੇ ’ਤੇ ਸੈਲਾਨੀਆਂ ਦੀ ਭਾਰੀ ਭੀੜ ਲੱਗ ਰਹੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀਆਂ ਹੋਣ ਕਾਰਨ ਇਥੇ ਆਮ ਦਿਨਾਂ ਤੋਂ ਵਧ ਸੈਲਾਨੀ ਪਹੁੰਚ ਰਹੇ ਹਨ। ਪਰ ਦੂਜੇ ਪਾਸੇ ਇਥੇ ਵਧ ਰਹੀ ਸੈਲਾਨੀਆਂ ਦੀ ਭੀੜ ਕਾਰਨ ਕਰੋਨਾ ਨਿਯਮਾਂ ਦੀਆਂ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਛੱਤਬੀੜ ਚਿੜੀਆਘਰ ਨੂੰ ਸੈਲਾਨੀਆਂ ਲਈ ਬੰਦ ਰੱਖਿਆ ਗਿਆ ਸੀ। ਕਰੋਨਾ ਦਾ ਕਹਿਰ ਘਟਣ ਮਗਰੋਂ ਇਸ ਨੂੰ ਸੈਲਾਨੀਆਂ ਲਈ ਕਾਫੀ ਦੇਰੀ ਬਾਅਦ ਖੋਲ੍ਹਿਆ ਗਿਆ ਸੀ। ਪਰ ਹੁਣ ਮੁੜ ਤੋਂ ਕਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਪੈਦਾ ਹੋ ਗਈ ਹੈ ਜਿਸ ਨੂੰ ਦੇਖਦਿਆਂ ਪੂਰੇ ਦੇਸ਼ ਵਿੱਚ ਮੁੜ ਤੋਂ ਕਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਤੋਂ ਇਲਾਵਾ ਪਾਬੰਦੀਆਂ ਵੀ ਲਾਈ ਜਾ ਰਹੀਆਂ ਹਨ। ਉਂਝ ਪ੍ਰਬੰਧਕਾਂ ਵੱਲੋਂ ਇਥੋਂ ਦੇ ਛੱਤਬੀੜ ਚਿੜੀਆਘਰ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦਾ ਭਰੋਸਾ ਦੇ ਕੇ ਸੈਲਾਨੀਆਂ ਲਈ ਖੋਲਿ੍ਹਆ ਗਿਆ ਸੀ। ਇਨ੍ਹਾਂ ਨਿਯਮਾਂ ਵਿੱਚ ਸਮਾਜਿਕ ਦੂਰੀ, ਮਾਸਕ ਲਾਉਣ ਤੋਂ ਇਲਾਵਾ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਸ਼ਾਮਲ ਹੈ। ਪਰ ਲੰਘੇ ਕੁਝ ਦਿਨਾਂ ਤੋਂ ਛੱਤਬੀੜ ਚਿੜੀਆਘਰ ਵਿੱਚ ਸੈਲਾਨੀਆਂ ਵੱਡੀ ਤਾਦਾਤ ਕਾਰਨ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਇਥੇ ਸੈਲਾਨੀ ਨਿਯਮਾਂ ਦੀ ਕੋਈ ਪਾਲਣਾ ਨਹੀਂ ਕਰ ਰਹੇ ਜਿਸ ਕਾਰਨ ਬਿਮਾਰੀ ਫੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਇਥੇ ਵਧ ਰਹੀ ਸੈਲਾਨੀਆਂ ਦੀ ਭੀੜ ਜਾਨਵਰਾਂ ਲਈ ਵੀ ਖਤਰਨਾਕ ਹੈ ਕਿਉਂਕਿ ਜਾਨਵਰ ਵੀ ਕਰੋਨਾ ਦੀ ਲਪੇਟ ਵਿੱਚ ਆ ਸਕਦੇ ਹਨ। ਜਦਕਿ ਇਸ ਤੋਂ ਪਹਿਲਾਂ ਦੋਵੇਂ ਲਹਿਰਾਂ ਦੌਰਾਨ ਪ੍ਰਬੰਧਕ ਜਾਨਵਰਾਂ ਨੂੰ ਬਚਾਉਣ ਵਿੱਚ ਸਫਲ ਰਹੇ ਹਨ। ਇਸ ਸਬੰਧੀ ਗੱਲ ਕਰਨ ’ਤੇ ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਕਲਪਨਾ ਨੇ ਕਿਹਾ ਕਿ ਕਰੋਨਾ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਹੋਇਆ ਹੈ ਜਿਸ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਅੰਦਰ ਸੈਨੀਟਾਈਜ਼ਰ ਅਤੇ ਮਾਸਕਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।