ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 17 ਅਕਤੂਬਰ
ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਮੁਹਾਲੀ ਤੋਂ ਖਾਨਪੁਰ ਟੀ-ਪੁਆਇੰਟ ਤੱਕ ਬਣਾਏ ਜਾ ਰਹੇ ਫਲਾਈਓਵਰ ਅਤੇ ਐਲੀਵੇਟਿਡ ਸੜਕ ’ਤੇ ਇੱਥੋਂ ਦੇ ਇਤਿਹਾਸਕ ਨਗਰ ਦਾਊਂ ਸਮੇਤ ਹੋਰ ਦਰਜਨਾਂ ਪਿੰਡਾਂ ਲਈ ਰਸਤਾ ਨਾ ਛੱਡੇ ਜਾਣ ਦਾ ਮਾਮਲਾ ਕਾਫੀ ਭੱਖ ਗਿਆ ਹੈ।
ਪਿੰਡ ਦਾਊਂ ਦੇ ਵਸਨੀਕ ਅਤੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਪਿਛਲੇ ਦਿਨੀਂ ਇਲਾਕੇ ਦੇ ਲੋਕਾਂ ਵੱਲੋਂ ਕੌਮੀ ਸ਼ਾਹਰਾਹ ’ਤੇ ਚੱਕਾ ਜਾਮ ਕਰ ਕੇ ਧਰਨਾ ਦਿੱਤਾ ਗਿਆ ਸੀ ਪ੍ਰੰਤੂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਿੱਜੀ ਦਖ਼ਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਲਾਂਘਾ ਖੋਲ੍ਹਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾ ਦਿੱਤਾ ਸੀ ਪ੍ਰੰਤੂ ਹੁਣ ਪ੍ਰਸ਼ਾਸਨ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਧਰਨਾਕਾਰੀਆਂ ਦੇ ਘਰ ਭੇਜ ਕੇ ਝੂਠੇ ਪਰਚੇ ਦਰਜ ਕਰ ਕੇ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਨੇ ਫਲਾਈਓਵਰ ਦੀ ਉਸਾਰੀ ਦਾ ਰੋਕਿਆ ਕੰਮ ਦੁਬਾਰਾ ਸ਼ੁਰੂ ਕਰਵਾ ਦਿੱਤਾ ਹੈ। ਊਨ੍ਹਾਂ ਦੱਸਿਆ ਕਿ ਰੋਸ ਵਜੋਂ ਪਿੰਡ ਦਾਊਂ ਵਿੱਚ ਸਿਆਸੀ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਗਈ ਹੈ। ਪਿੰਡ ਵਾਸੀਆਂ ਨੇ ਗਲੀਆਂ ਵਿੱਚ ਫਲੈਕਸ ਬੋਰਡ ਲਗਾ ਕੇ ਕਿਹਾ ਹੈ ਕਿ ‘ਜੇਕਰ ਦਾਊਂ ਗੁਰੂ ਘਰ ਲਈ ਲਾਂਘਾ ਨਹੀਂ ਛੱਡਣਾ ਤਾਂ ਵੋਟਾਂ ਮੰਗਣ ਨਾ ਆਇਓ।’ ਹੋਰਨਾਂ ਪਿੰਡਾਂ ਵਿੱਚ ਅਤੇ ਸੜਕਾਂ ’ਤੇ ਅਜਿਹੇ ਬੋਰਡ ਟੰਗੇ ਗਏ ਹਨ। ਇਕ ਬੋਰਡ ਕੌਮੀ ਮਾਰਗ ’ਤੇ ਵੀ ਬਿਜਲੀ ਦੀ ਤਾਰਾਂ ਨਾਲ ਬੰਨ੍ਹ ਕੇ ਟੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਐਤਕੀਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਲਿਆ ਹੈ ਅਤੇ ਝੂਠੇ ਲਾਰੇ ਲਗਾਉਣ ਵਾਲੇ ਸਿਆਸੀ ਆਗੂਆਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਕੇ ਊਨ੍ਹਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਜਾਵੇਗਾ।