ਆਤਿਸ਼ ਗੁਪਤਾ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦੇਰ ਰਾਤ ਚੰਡੀਗੜ੍ਹ ਨਗਰ ਨਿਗਮ ਦੇ ਨੌਂ ਨਾਮਜ਼ਦ ਕੌਂਸਲਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਟੀ ਪ੍ਰਸ਼ਾਸਕ ਨੇ ਪਹਿਲੀ ਵਾਰ ਨਗਰ ਨਿਗਮ ਦੇ ਨਾਮਜ਼ਦ ਕੌਂਸਲਰਾਂ ਵਿੱਚ ਚੰਡੀਗੜ੍ਹ ਵਸਾਉਣ ਵਾਲੇ ਜੱਦੀ-ਪੁਸ਼ਤੀ ਪਿੰਡਾਂ ਦੇ ਲੋਕਾਂ ਨੂੰ ਤਰਜੀਹ ਦਿੱਤੀ ਗਈ ਹੈ। ਇਸ ਵਾਰ ਨਾਮਜ਼ਦ ਸਾਰੇ ਨੌਂ ਜਣੇ ਪਿੰਡਾਂ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚ ਪਿੰਡ ਸਾਰੰਗਪੁਰ ਤੋਂ ਸਤਿੰਦਰ ਸਿੰਘ ਸਿੱਧੂ ਅਤੇ ਪਿੰਡ ਦੜੂਆਂ ਤੋਂ ਧਰਮਿੰਦਰ ਸਿੰਘ ਸੈਣੀ ਦੇ ਨਾਮ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਾਰੰਗਪੁਰ ਦੇ ਸਤਿੰਦਰ ਸਿੰਘ ਸਿੱਧੂ ਸਾਬਕਾ ਸਰਪੰਚ ਗੁਰਨਾਮ ਸਿੰਘ ਸਿੱਧੂ ਦੇ ਪੁੱਤਰ ਹਨ, ਜਿਨ੍ਹਾਂ ਨੇ ਪਹਿਲਾਂ ਵੀ ਪਿੰਡਾਂ ਦੇ ਵਿਕਾਸ ਲਈ ਲੰਬਾ ਸਮਾਂ ਲੜਾਈ ਲੜੀ ਹੈ। ਹੁਣ ਸਤਿੰਦਰ ਸਿੰਘ ਸਿੱਧੂ ਵੀ ਪਿੰਡ ਦੇ ਹੱਕਾਂ ਲਈ ਹੋਣ ਵਾਲੇ ਸੰਘਰਸ਼ਾਂ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਦੂਜੇ ਪਾਸੇ, ਪਿੰਡ ਦੜੂਆ ਦੇ ਧਰਮਿੰਦਰ ਸਿੰਘ ਪਹਿਲਾਂ ਵੀ ਵੱਖ-ਵੱਖ ਅਹੁਦਿਆਂ ’ਤੇ ਰਹਿੰਦੇ ਹੋਏ ਪਿੰਡ ਦਾ ਵਿਕਾਸ ਕਰ ਚੁੱਕੇ ਹਨ।
ਗ਼ੌਰਤਲਬ ਹੈ ਕਿ ਚੰਡੀਗੜ੍ਹ ਸ਼ਹਿਰ ਨੂੰ ਵਸਾਉਣ ਲਈ ਇੱਥੋਂ ਦੇ ਜੱਦੀ-ਪੁਸ਼ਤੀ ਪਿੰਡਾਂ ਨੂੰ ਉਜਾੜਿਆ ਗਿਆ ਸੀ, ਉਸ ਤੋਂ ਬਾਅਦ ਤੋਂ ਹੀ ਲਗਾਤਾਰ ਪਿੰਡਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਵਾਰ ਚੰਡੀਗੜ੍ਹ ਨਗਰ ਨਿਗਮ ਵਿੱਚ ਪਿੰਡਾਂ ਦੇ ਕੌਂਸਲਰ ਪਹੁੰਚਣ ਨਾਲ ਪਿੰਡ ਵਾਸੀਆਂ ਵਿੱਚ ਵਿਕਾਸ ਦੀ ਨਵੀਂ ਆਸ ਜਾਗੀ ਹੈ। ਨਗਰ ਨਿਗਮ ’ਚ ਨਵੇਂ ਨਾਮਜ਼ਦ ਕੀਤੇ ਗਏ ਕੌਂਸਲਰ ਸਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਕੰਮ ਚੰਡੀਗੜ੍ਹ ਦੇ ਪਿੰਡਾਂ ਦਾ ਵਿਕਾਸ ਨੂੰ ਤੇਜ਼ੀ ਨਾਲ ਕਰਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੀ ਹੱਦ ਵਿੱਚ ਆਉਣ ਤੋਂ ਬਾਅਦ ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ਼ ’ਤੇ ਨਹੀਂ ਹੋ ਸਕਿਆ ਪਰ ਉਹ ਸਮੂਹ ਪਿੰਡਾਂ ਦੇ ਵਿਕਾਸ ਨੂੰ ਯਕੀਨੀ ਬਣਾਉਣਗੇ।
ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਉਹ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਚੰਡੀਗੜ੍ਹ ਦੇ ਜੱਦੀ-ਪੁਸ਼ਤੀ ਲੋਕਾਂ ਨੂੰ ਨਾਮਜ਼ਦ ਕਰ ਕੇ ਨਗਰ ਨਿਗਮ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਦੇ ਨਗਰ ਨਿਗਮ ਵਿੱਚ ਜਾਣ ਨਾਲ ਪਿੰਡਾਂ ਦਾ ਵਿਕਾਸ ਵੀ ਤੇਜ਼ੀ ਨਾਲ ਹੋ ਸਕੇਗਾ।
ਚੰਡੀਗੜ੍ਹ ਕਾਂਗਰਸ ਨੇ ਨਾਮਜ਼ਦ ਕੌਂਸਲਰਾਂ ਦਾ ਵਿਰੋਧ ਕੀਤਾ
ਚੰਡੀਗੜ੍ਹ ਕਾਂਗਰਸ ਨੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਨਾਮਜ਼ਦ ਕੀਤੇ ਗਏ ਨੌਂ ਕੌਂਸਲਰਾਂ ਵਿੱਚੋਂ ਅੱਠ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਕ ਨੇ ਭਾਜਪਾ ਆਗੂਆਂ ਨੂੰ ਹੀ ਨਾਮਜ਼ਦ ਕਰ ਕੇ ਭੇਜਿਆ ਹੈ। ਕਾਂਗਰਸ ਦੇ ਬੁਲਾਰੇ ਰਾਜੀਸ਼ ਸ਼ਰਮਾ ਨੇ ਕਿਹਾ ਕਿ ਸਾਲ 2021 ਦੀਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਵੀ ਪ੍ਰਸ਼ਾਸਕ ਦਾ ਫ਼ੈਸਲਾ ਭਾਜਪਾ ਦੇ ਹੱਕ ਵਿੱਚ ਦਿਖਾਈ ਦਿੱਤੇ ਹਨ। ਸ਼ਹਿਰ ਦੇ 35 ਵਾਰਡਾਂ ਵਿੱਚੋਂ ਸਭ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਦੇ ਕੋਲ ਸਨ, ਉਸ ਦੇ ਬਾਵਜੂਦ ਵੋਟਿੰਗ ਵਿੱਚ ਭਾਜਪਾ ਦੇ ਮੇਅਰ ਦੀ ਚੋਣ ਕੀਤੀ ਗਈ ਹੈ।