ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 15 ਅਪਰੈਲ
ਮੁਹਾਲੀ ਪੁਲੀਸ ਨੇ ਅੱਜ ਛਾਪੇ ਦੌਰਾਨ ਇੱਥੋਂ ਦੇ ਫੇਜ਼-9 ਵਿੱਚ ਸਥਿਤ ਸ਼ੈਲਬੀ ਹਸਪਤਾਲ ਵਿੱਚ ਖੜ੍ਹੀਆਂ ਦੋ ਕਾਰਾਂ ਵਿੱਚੋਂ ਸ਼ਰਾਬ ਦੀਆਂ 29 ਬੋਤਲਾਂ ਅਤੇ ਚਾਰ ਬੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ’ਚੋਂ ਕਈ ਬੋਤਲਾਂ ਵਿਦੇਸ਼ੀ ਸ਼ਰਾਬ ਦੀਆਂ ਹਨ। ਇਸ ਗੱਲ ਦੀ ਪੁਸ਼ਟੀ ਸੈਂਟਰਲ ਥਾਣਾ ਫੇਜ਼-8 ਦੇ ਐੱਸਐੱਚਓ ਅਜੀਤੇਸ਼ ਕੌਸ਼ਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਹਸਪਤਾਲ ਦੇ ਦੋ ਡਰਾਈਵਰਾਂ ਜਗਦੀਪ ਸਿੰਘ ਤੇ ਗੁਰਸੇਵਕ ਸਿੰਘ ਵਿਰੁੱਧ ਸੈਂਟਰਲ ਥਾਣਾ ਫੇਜ਼-8 ਵਿੱਚ ਅਪਰਾਧਿਕ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਧਰ, ਪੁਲੀਸ ਵੱਲੋਂ ਮਹਿੰਗੀ ਸ਼ਰਾਬ ਸਣੇ ਕਾਬੂ ਕੀਤੇ ਡਰਾਈਵਰਾਂ ਜਗਦੀਪ ਅਤੇ ਗੁਰਸੇਵਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਗੱਡੀਆਂ ’ਚੋਂ ਮਿਲੀ ਵਿਦੇਸ਼ੀ ਸ਼ਰਾਬ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਇਨ੍ਹਾਂ ਨੇ ਹਾਲੇ ਤਿੰਨ ਦਿਨ ਪਹਿਲਾਂ ਹੀ ਡਿਊਟੀ ਜੁਆਇਨ ਕੀਤੀ ਸੀ ਅਤੇ ਅੱਜ ਉਨ੍ਹਾਂ ਨੂੰ ਜੰਮੂ ਜਾਣ ਲਈ ਸੱਦਿਆ ਗਿਆ ਸੀ। ਇਸ ਦੌਰਾਨ ਨਾ ਤਾਂ ਇਹ ਗੱਡੀ ਹਸਪਤਾਲ ਦੇ ਬਾਹਰ ਲੈ ਕੇ ਗਏ ਅਤੇ ਨਾ ਹੀ ਅੰਦਰ ਲਿਆਂਦੀ ਗਈ ਸਗੋਂ ਦੋਵੇਂ ਜਣੇ ਆਪਣੇ ਮੋਟਰਸਾਈਕਲ ਰਾਹੀਂ ਹਸਪਤਾਲ ਗਏ ਸੀ। ਐੱਸਐੱਚਓ ਅਜੀਤੇਸ਼ ਕੌਸ਼ਲ ਨੇ ਕਿਹਾ ਕਿ ਜਦੋਂ ਪੁਲੀਸ ਨੇ ਛਾਪੇ ਦੌਰਾਨ ਗੱਡੀਆਂ ’ਚੋਂ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਸੀ ਤਾਂ ਉਸ ਸਮੇਂ ਗੱਡੀ ਦੀਆਂ ਚਾਬੀਆਂ ਇਨ੍ਹਾਂ ਦੋਵਾਂ ਕੋਲ ਹੀ ਸਨ। ਦੋਵਾਂ ਡਰਾਈਵਰਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ।