ਦਰਸ਼ਨ ਸਿੰਘ ਸੋਢੀ/ਸ਼ਸ਼ੀਪਾਲ ਜੈਨ/ਹਰਜੀਤ ਸਿੰਘ
ਐਸ.ਏ.ਐਸ. ਨਗਰ/ਖਰੜ/ਡੇਰਾਬਸੀ, 10 ਮਾਰਚ
ਪੰਜਾਬ ਵਿਧਾਨ ਸਭਾ ਦੀਆਂ ਬੀਤੀ 20 ਫਰਵਰੀ ਨੂੰ ਹੋਈਆਂ ਚੋਣਾਂ ਸਬੰਧੀ ਅੱਜ ਵੋਟਾਂ ਦੀ ਗਿਣਤੀ ਕੀਤੀ ਗਈ। ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਮੁਹਾਲੀ ਤੋਂ ‘ਆਪ’ ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵੱਡੇ ਫਰਕ ਨਾਲ ਹਰਾਇਆ। ਚੋਣ ਜਿੱਤਣ ਤੋਂ ਬਾਅਦ ਕੁਲਵੰਤ ਸਿੰਘ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਨੇ ਆਪਣੇ ਦਫ਼ਤਰ ਤੋਂ ਸ਼ਹਿਰ ਵਿੱਚ ਜੇਤੂ ਰੈਲੀ ਵੀ ਕੱਢੀ ਅਤੇ ਲੋਕਾਂ ਦਾ ਧੰਨਵਾਦ ਕੀਤਾ। ਸਿੱਧੂ ਪਿਛਲੇ ਡੇਢ ਦਹਾਕੇ ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਸੀ ਅਤੇ ਉਹ ਹਰ ਵਾਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਹਰਾਉਂਦੇ ਆ ਰਹੇ ਸੀ ਪ੍ਰੰਤੂ ਇਸ ਵਾਰ ਆਪ ਦੇ ਹੱਕ ਵਿੱਚ ਚੱਲੀ ਹਨੇਰੀ ਕਾਰਨ ਉਨ੍ਹਾਂ ਦੀ ਨਿਰਾਸ਼ਾਜਨਕ ਹਾਰ ਹੋਈ। ਖਰੜ ਤੋਂ ਆਪ ਦੀ ਉਮੀਦਵਾਰ ਅਨਮੋਲ ਗਗਨ ਮਾਨ ਅਤੇ ਡੇਰਾਬੱਸੀ ਤੋਂ ਆਪ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਵੀ ਚੋਣ ਜਿੱਤ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਮੁਹਾਲੀ ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਾਂਗਰਸ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੂੰ 34097 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਕੁਲਵੰਤ ਸਿੰਘ ਨੂੰ 77 ਹਜ਼ਾਰ 134 ਵੋਟਾਂ ਪਈਆਂ ਜਦੋਂਕਿ ਬਲਬੀਰ ਸਿੱਧੂ ਨੂੰ 43,037, ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੂੰ 17,020, ਅਕਾਲੀ ਦਲ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ 9628, ਕਿਸਾਨ ਆਗੂ ਰਵਨੀਤ ਸਿੰਘ ਬਰਾੜ ਨੂੰ 2971 ਵੋਟਾਂ ਪਈਆਂ ਹਨ। ਅੱਜ ਵੋਟਾਂ ਦੀ ਗਿਣਤੀ ਦੌਰਾਨ ਕੁਲਵੰਤ ਸਿੰਘ ਨੂੰ ਪਹਿਲੇ ਹੀ ਰਾਉੂਂਡ ਵਿੱਚ 855 ਵੋਟਾਂ ਦੀ ਜੇਤੂ ਲੀਡ ਮਿਲ ਗਈ ਸੀ ਜੋ ਅਖੀਰਲੇ ਰਾਉੂਂਡ ਤੱਕ ਬਰਕਰਾਰ ਰਹੀ। ਇਸ ਤਰ੍ਹਾਂ ਲਗਾਤਾਰ ਲੀਡ ਮਿਲਣ ਕਾਰਨ ਤੀਜੇ ਰਾਉੂਂਡ ਤੋਂ ਬਾਅਦ ‘ਆਪ’ ਵਲੰਟੀਅਰਾਂ ਨੇ ਗਿਣਤੀ ਕੇਂਦਰ ਅਤੇ ਆਪ ਦੇ ਚੋਣ ਦਫ਼ਤਰ ਦੇ ਬਾਹਰ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਉਧਰ, ਆਪ ਦੀ ਲਗਾਤਾਰ ਜੇਤੂ ਲੀਡ ਨੂੰ ਦੇਖ ਕੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਚੁੱਪ ਚੁਪੀਤੇ ਗਿਣਤੀ ਕੇਂਦਰ ’ਚੋਂ ਖਿਸਕ ਗਏ ਜਦੋਂਕਿ ਪਹਿਲਾਂ ਉਹ ਗਿਣਤੀ ਕੇਂਦਰ ਵਿੱਚ ਰਿਟਰਨਿੰਗ ਅਫ਼ਸਰ ਦੇ ਪਿੱਛੇ ਸਟੇਜ ਉੱਤੇ ਕੁਰਸੀ ’ਤੇ ਬੈਠੇ ਹੋਏ ਸੀ।
ਖਰੜ ਵਿਧਾਨ ਸਭਾ ਹਲਕੇ ਲਈ ਅੱਜ ਵੋਟਾਂ ਦੀ ਗਿਣਤੀ ਦਾ ਕੰਮ ਖਰੜ ਦੇ ਐਸਡੀਐਮ ਅਭਿਕੇਸ਼ ਗੁਪਤਾ ਦੀ ਦੇਖ-ਰੇਖ ਹੇਠ ਅਮਨ-ਅਮਾਨ ਨਾਲ ਸਮਾਪਤ ਹੋਇਆ ਜਿਸ ਵਿੱਚ ਆਮ ਆਦਮੀ ਪਾਰਟੀ ਦੀ ਖਰੜ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੇ ਇਤਿਹਾਸ ਰਚਿਆ ਅਤੇ 37,885 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ 78,273 ਵੋਟਾਂ ਪ੍ਰਾਪਤ ਹੋਈਆਂ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 40,388, ਕਾਂਗਰਸ ਦੇ ਵਿਜੇ ਕੁਮਾਰ ਟਿੰਕੂ ਨੂੰ 25,291 ਅਤੇ ਭਾਜਪਾ ਦੇ ਕਮਲਦੀਪ ਸੈਣੀ ਨੂੰ 15,249 ਵੋਟਾਂ ਪ੍ਰਾਪਤ ਹੋਈਆਂ।
ਅੱਜ ਦੀ ਗਿਣਤੀ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਕੁੱਲ 23 ਰਾਊਂਡ ਹੋਏ ਅਤੇ ਅਨਮੋਲ ਗਗਨ ਮਾਨ ਨੇ ਪਹਿਲੇ ਰਾਊਂਡ ਤੋਂ ਲੈ ਕੇ ਲਗਾਤਾਰ ਆਪਣੀ ਲੀਡ ਬਣਾਈ ਰੱਖੀ । ਵੋਟਾਂ ਦੀ ਗਿਣਤੀ ਸਮੇਂ ਇੰਜ ਲਗ ਰਿਹਾ ਸੀ ਕਿ ਉਨ੍ਹਾਂ ਦੇ ਮੁਕਾਬਲੇ ਕੋਈ ਹੈ ਹੀ ਨਹੀਂ।
ਹਲਕਾ ਡੇਰਾਬੱਸੀ ਤੋਂ ਆਪ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੇ 21610 ਵੋਟਾਂ ਤੋਂ ਹੁੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਸ੍ਰੀ ਰੰਧਾਵਾ ਨੇ ਕੁੱਲ ਪੋਲ ਹੋਈ 199185 ਵਿੱਚੋਂ ਕੁੱਲ 69870 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ। ਸ੍ਰੀ ਰੰਧਾਵਾ ਨੇ ਕੁੱਲ 23 ਰਾਊਂਡ ਵਿੱਚੋਂ ਪਹਿਲੇ ਰਾਊਂਡ ਤੋਂ ਹੀ ਲੀਡ ਹਾਸਲ ਕਰਦਿਆਂ ਕੁੱਲ 21610 ਵੋਟਾਂ ਤੋਂ ਵੱਡੀ ਜਿੱਤ ਹਾਸਲ ਕੀਤੀ। ਸ੍ਰੀ ਰੰਧਾਵਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਲੋਕਾਂ ਨੇ ਆਪ ਦੀਆਂ ਨੀਤੀਆਂ ਨੂੰ ਵੋਟਾਂ ਪਾਈਆਂ ਹਨ ਜਿਨ੍ਹਾਂ ’ਤੇ ਉਹ ਖਰੇ ਉਤਰਨਗੇ। ਕਾਂਗਰਸ ਪਾਰਟੀ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ ਇਹ ਪੰਜਵੀਂ ਹਾਰ ਨਸੀਬ ਹੋਈ ਹੈ। ਇਸ ਤੋਂ ਪਹਿਲਾਂ ਉਹ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਅਤੇ ਇਕ ਵਾਰ ਲੋਕ ਸਭਾ ਚੋਣਾਂ ਹਾਰ ਚੁੱਕੇ ਹਨ। ਸ੍ਰੀ ਢਿੱਲੋਂ ਇਨ੍ਹਾਂ ਚੋਣਾਂ ਵਿੱਚ ਦੂਜੇ ਸਥਾਨ ’ਤੇ ਰਹੇ ਹਨ ਜਿਨ੍ਹਾਂ ਨੂੰ 48260 ਵੋਟਾਂ ਹਾਸਲ ਹੋਈਆਂ ਹਨ। ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਐਨ. ਕੇ. ਸ਼ਰਮਾ ਵੀ ਆਪਣੀ ਹੈਟ੍ਰਿਕ ਤੋਂ ਖੁੰਝ ਗਏ ਹਨ ਜੋ 47678 ਵੋਟਾਂ ਹਾਸਲ ਕਰਕੇ ਤੀਜੇ ਸਥਾਨ ’ਤੇ ਰਹੇ ਹਨ। ਭਾਜਪਾ ਉਮੀਦਵਾਰ ਸੰਜੀਵ ਖੰਨਾ 26903 ਵੋਟਾਂ, ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਅਵਤਾਰ ਸਿੰਘ ਨੂੰ ਸਿਰਫ਼ 1125 ਵੋਟਾਂ ਹਾਸਲ ਹੋਈਆਂ।