ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 17 ਨਵੰਬਰ
ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਨੇ ਅੱਜ ਇੱਥੇ ਸਨਅਤੀ ਖੇਤਰ ਫੇਜ-1 ਸਥਿਤ ਸੀਐਂਡਡੀ ਵੇਸਟ ਪਲਾਂਟ ਵਿਚ ਕਾਸਟਿੰਗ ਯੂਨਿਟ ਦੇ ਆਟੋਮੇਸ਼ਨ ਲਈ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਕਲੀਨ ਸਿਟੀ, ਗ੍ਰੀਨ ਸਿਟੀ ਅਤੇ ਸਮਾਰਟ ਸਿਟੀ ਦੇ ਤਿੰਨੇ ਨੁਕਤਿਆਂ ’ਤੇ ਕੰਮ ਕਰ ਰਿਹਾ ਹੈ। ਕਲੀਨ ਸਿਟੀ ਪ੍ਰਾਜੈਕਟ ਤਹਿਤ ਉਸਾਰੀ ਅਤੇ ਇਮਾਰਤੀ ਢੁਹਾਈ ਵਾਲੀ ਵੇਸਟ ਦਾ ਵਿਗਿਆਨਕ ਢੰਗ ਨਾਲ ਪ੍ਰਬੰਧਨ ਅਤੇ ਲੋੜਾਂ ਅਨੁਸਾਰ ਰੀਸਾਈਕਲ ਕੀਤਾ ਜਾਵੇਗਾ। ਉਨ੍ਹਾਂ ਨੇ ਵੇਸਟ ਪਲਾਂਟ ਵਿਚ ਆਟੋਮੇਟਿਡ ਕਾਸਟਿੰਗ ਯੂਨਿਟ ਦੀ ਵਿਵਸਥਾ ’ਤੇ ਤੇਜ਼ੀ ਨਾਲ ਕੰਮ ਕਰਨ ਅਤੇ ਕੂੜਾ ਪ੍ਰਾਸੈਸਿੰਗ ਦੀ ਸਮਰੱਥਾ ਵਧਾਉਣ ਲਈ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੱਥੋਂ ਤਿਆਰ ਕੀਤੇ ਪੀਸੀਸੀ ਉਤਪਾਦਾਂ ਦੀ ਵਰਤੋਂ ਫੁੱਟਪਾਥ, ਸੜਕ ਦੇ ਕੰਮ, ਕੰਡਿਆਲੀ ਤਾਰ ਦੇ ਕੰਮ ਆਦਿ ਲਈ ਕੀਤੀ ਜਾਵੇਗੀ।
ਇਸ ਮੌਕੇ ਮੇਅਰ ਰਵੀ ਕਾਂਤ ਸ਼ਰਮਾ ਨੇ ਦੱਸਿਆ ਕਿ ਪ੍ਰਾਸੈਸਿੰਗ ਪਲਾਂਟ ਵਿੱਚ ਇੱਕ ਤੋਂ ਡੇਢ ਫੁੱਟ ਆਕਾਰ ਤੱਕ ਦੇ ਸਟੀਲ ਨੂੰ ਛੱਡ ਕੇ ਸਾਰੀ ਕਿਸਮ ਦੀ ਸੀਮਿੰਟ, ਉਸਾਰੀ ਢੁਹਾਈ ਵਾਲੀ ਸਮੱਗਰੀ ਸਵੀਕਾਰ ਕੀਤੀ ਜਾਂਦੀ ਹੈ। ਇਸ ਨੂੰ ਚਾਰ ਕਿਸਮਾਂ ਦੀ ਸਮੱਗਰੀ ਜਿਵੇਂ ਰੇਤ, 10 ਬਜਰੀ, 20 ਐਮਐਮ ਬਜਰੀ ਅਤੇ 40 ਐਮਐਮ ਬਜਰੀ ਵਿੱਚ ਪਿੜਾਈ ਅਤੇ ਧੁਆਈ ਰਾਹੀਂ ਪ੍ਰਾਸੈਸ ਕੀਤਾ ਜਾਂਦਾ ਹੈ। ਅਜਿਹੀ ਸਮੱਗਰੀ ਦੀ ਵਰਤੋਂ ਸੀਮਿੰਟ ਕੰਕਰੀਟ ਦੇ ਉਤਪਾਦ ਬਣਾਉਣ ਲਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ 162 ਲੱਖ ਰੁਪਏ ਜਿਸ ਵਿੱਚ 5 ਸਾਲਾਂ ਲਈ ਪਲਾਂਟ ਦੇ ਰੱਖ-ਰਖਾਅ ਲਈ 27 ਲੱਖ ਰੁਪਏ ਦੀ ਲਾਗਤ ਸ਼ਾਮਲ ਹੈ।