ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 30 ਸਤੰਬਰ
ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਨੇ ਡੇਰਾਬੱਸੀ ਵਿੱਚ ਸੱਟੇ ਦੇ ਧੰਦੇ ਨਾਲ ਜੁੜੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਇਹ ਧੰਦਾ ਰਾਮਲੀਲਾ ਮੈਦਾਨ ਦੇ ਪਿੱਛੇ ਚੱਲ ਰਿਹਾ ਸੀ। ਪੁਲੀਸ ਨੇ ਮੌਕੇ ਤੋਂ ਸੱਟਾ ਲਗਵਾਉਣ ਦੀਆਂ ਪਰਚੀਆਂ, ਨਕਦੀ ਅਤੇ ਮੋਬਾਈਲ ਵੀ ਬਰਾਮਦ ਕੀਤੇ ਹਨ। ਲੰਘੀ ਰਾਤ ਸੁਰੱਖਿਆ ਦੇ ਲਿਹਾਜ਼ ਨਾਲ ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ ਵੱਲੋਂ ਉਥੇ ਡਿਊਟੀ ਦਿੱਤੀ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਹ ਮਿਲੀ ਕਿ ਰਾਮਲੀਲਾ ਮੈਦਾਨ ਪਿੱਛੇ ਇਕ ਘਰ ਵਿੱਚ ਸੱਟਾ ਲਗਵਾਇਆ ਜਾ ਰਿਹਾ ਹੈ। ਮੌਕੇ ’ਤੇ ਇਕੱਤਰ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਘਰ ਵਿੱਚ ਕਾਫੀ ਸਮੇਂ ਤੋਂ ਸੱਟੇ ਦੇ ਕਾਰੋਬਾਰ ਚਲ ਰਿਹਾ ਸੀ।