ਮੁਕੇਸ਼ ਕੁਮਾਰ
ਚੰਡੀਗੜ੍ਹ, 10 ਜੂਨ
ਚੰਡੀਗੜ੍ਹ ਪੁਲੀਸ ਨੇ ਕੁਰੀਅਰ ਕੀਤੇ ਐਪਲ ਬਰਾਂਡ ਦੇ ਮਹਿੰਗੇ ਮੋਬਾਈਲ ਫੋਨਾਂ ਦੀ ਚੋਰੀ ਦੇ ਮਾਮਲੇ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐਕਸਪ੍ਰੈੱਸ ਬਿਜ਼ ਕੁਰੀਅਰ ਕੰਪਨੀ ਦੇ ਪਾਰਸਲ ਵਿੱਚੋਂ ਮੋਬਾਈਲ ਚੋਰੀ ਹੋਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਦਿੱਲੀ, ਗੁਰੂਗ੍ਰਾਮ ਅਤੇ ਰਾਜਸਥਾਨ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਨੇ ਇਨ੍ਹਾਂ ਚਾਰੋਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 17 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ, ਜਦੋਂਕਿ ਹੋਰ ਮੋਬਾਈਲ ਫੋਨ ਮੁਲਜ਼ਮਾਂ ਵੱਲੋਂ ਅੱਗੇ ਵੇਚੇ ਜਾ ਚੁੱਕੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਿਰਮਲ ਤੰਵਰ (26) ਵਾਸੀ ਦਿੱਲੀ, ਮੁਹੰਮਦ ਮੁਦੱਸਿਰ (21) ਵਾਸੀ ਸਿੱਖੀ, ਦਾਨ ਸਿੰਘ ਵਾਸੀ ਗੁਰੂਗ੍ਰਾਮ (28) ਅਤੇ ਨਾਵਲ ਮੀਨਾ (25) ਵਾਸੀ ਅਲਵਰ (ਰਾਜਸਥਾਨ) ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ 22 ਸਥਿਤ ਮੋਬਾਈਲ ਮਾਰਕੀਟ ਦੇ ਟੈਕ ਐਰੇਨਾ ਨਾਂ ਦੇ ਮੋਬਾਈਲ ਫੋਨ ਡੀਲਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਜਨਵਰੀ ਤੇ ਮਈ ਮਹੀਨੇ ਵਿੱਚ ਐਕਸਪ੍ਰੈੱਸ ਬਿਜ਼ ਲੌਜਿਸਟਿਕ ਸੋਲਿਊਸ਼ਨ ਪ੍ਰਾਈਵੇਟ ਲਿਮਿਟਡ ਰਾਹੀਂ ਫਲਿੱਪਕਾਰਟ ਦੇ ਗੁਰੂਗ੍ਰਾਮ ਸਥਿਤ ਗੁਦਾਮ ਨੂੰ ਕੁੱਲ 333 ਮੋਬਾਈਲਾਂ ਦੀ ਸਪਲਾਈ ਭੇਜੀ ਸੀ ਪਰ ਇਨ੍ਹਾਂ ਮੋਬਾਈਲ ਫੋਨਾਂ ਦੀ ਫਲਿੱਪਕਾਰਟ ਦੇ ਗੁਦਾਮ ‘ਚ ਡਿਲਿਵਰੀ ਨਹੀਂ ਕੀਤੀ ਗਈ। ਜਾਂਚ ਦੌਰਾਨ ਪੁਲੀਸ ਨੇ ਕੁਰੀਅਰ ਰਾਹੀਂ ਭੇਜੇ ਗਏ ਮੋਬਾਈਲ ਫੋਨਾਂ ਦੇ ਆਈਐੱਮਈਆਈ ਨੰਬਰ ਨੂੰ ਨਿਗਰਾਨੀ ‘ਤੇ ਰੱਖਿਆ ਅਤੇ ਇਸ ਦੌਰਾਨ ਲਗਪਗ 25 ਮੋਬਾਈਲ ਫੋਨ ਐਕਟਿਵ ਪਾਏ ਗਏ। ਪੁਲੀਸ ਨੇ ਆਈਐੱਮਈਆਈ ਨਿਗਰਾਨੀ ਰਿਪੋਰਟ ਦੇ ਪੂਰੇ ਵੇਰਵਿਆਂ ਦੀ ਜਾਂਚ ਕੀਤੀ ਅਤੇ ਇਸੇ ਦੌਰਾਨ ਪਤਾ ਲੱਗਾ ਕਿ ਇਹ ਮੋਬਾਈਲ ਫੋਨ ਕਾਲਕਾ ਕਮਿਊਨਿਕੇਸ਼ਨ ਲਾਲ ਕੂਆਂ, ਦੱਖਣੀ ਦਿੱਲੀ ਵੱਲੋਂ ਵੇਚੇ ਜਾਂਦੇ ਸਨ।
ਜਾਂਚ ਕਰਨ ‘ਤੇ ਇਹ ਵੀ ਪਤਾ ਲੱਗਾ ਕਿ ਉਕਤ ਦੁਕਾਨ ਨਿਰਮਲ ਤੰਵਰ ਨਾਂ ਦੇ ਵਿਅਕਤੀ ਵੱਲੋਂ ਚਲਾਈ ਜਾ ਰਹੀ ਸੀ, ਜਿਸ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਕੇ ਪੁੱਛਗਿਛ ਕੀਤੀ। ਉਸ ਨੇ ਦੱਸਿਆ ਕਿ ਇਹ ਮੋਬਾਈਲ ਫੋਨ ਉਸ ਨੂੰ ਮੁਹੰਮਦ ਮੁਦੱਸਿਰ ਵਾਸੀ ਦੱਖਣੀ ਦਿੱਲੀ ਨੇ ਬਿਨਾਂ ਬਿੱਲ ਦਿੱਤੇ ਵੇਚਣ ਵਾਸਤੇ ਦਿੱਤਾ ਸੀ। ਇਸ ‘ਤੇ ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ 4 ਜੂਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਦੂਜੇ ਪਾਸੇ ਮੁਹੰਮਦ ਮੁਦੱਸਿਰ ਨੇ ਖੁਲਾਸਾ ਕੀਤਾ ਕਿ ਉਸ ਨੂੰ ਇਹ ਮੋਬਾਈਲ ਫੋਨ ਗੁਰੂਗ੍ਰਾਮ ਦੇ ਰਹਿਣ ਵਾਲੇ ਦਾਨ ਸਿੰਘ ਤੋਂ ਮਿਲੇ ਸਨ, ਜਿਸ ਨੂੰ ਪੁਲੀਸ ਨੇ 5 ਜੂਨ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਨੇ ਪੁੱਛਗਿਛ ਦੌਰਾਨ ਪੁਲੀਸ ਨੂੰ ਇਕ ਹੋਰ ਮੁਲਜ਼ਮ ਬਾਰੇ ਸੂਚਿਤ ਕੀਤਾ, ਜਿਸ ਦੀ ਪਛਾਣ ਨਵਲ ਮੀਨਾ ਵਾਸੀ ਰਾਜਸਥਾਨ ਵਜੋਂ ਹੋਈ ਹੈ। ਉਸ ਨੂੰ ਪੁਲੀਸ ਨੇ 8 ਜੂਨ ਨੂੰ ਜ਼ਿਲ੍ਹਾ ਅਲਵਰ, ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨਵਲ ਮੀਨਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਐਕਸਪ੍ਰੈੱਸ ਬਿਜ਼ ਕੁਰੀਅਰ ਸਰਵਿਸਿਜ਼ ਪ੍ਰਾਈਵੇਟ ਲਿਮਿਟਡ ਵਿੱਚ ਕੰਮ ਕਰਦਾ ਸੀ। ਉਸ ਨੇ ਹੀ ਪਾਰਸਲ ਵਿੱਚੋਂ ਮੋਬਾਈਲ ਫੋਨ ਚੋਰੀ ਕਰ ਲਏ ਸਨ ਅਤੇ ਇਨ੍ਹਾਂ ਵਿੱਚੋਂ ਕੁਝ ਅੱਗੇ ਦੋਸਤਾਂ ਨੂੰ ਦੇ ਕੇ ਵੇਚ ਦਿੱਤੇ ਗਏ। ਪੁਲੀਸ ਨੇ ਸਾਰਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਚੰਡੀਗੜ੍ਹ ਲਿਆਂਦਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।