ਹਰਜੀਤ ਸਿੰਘ
ਜ਼ੀਰਕਪੁਰ, 15 ਸਤੰਬਰ
ਇਥੋਂ ਦੇ ਬਲਟਾਣਾ ਮੁੱਖ ਬਾਜ਼ਾਰ ਵਿੱਚ ਲੰਘੀ ਰਾਤ ਚਾਰ ਖੋਖਿਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਉਣ ਤੋਂ ਪਹਿਲਾਂ ਹੀ ਖੋਖਿਆਂ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੌਰਾਨ ਖੋਖਿਆਂ ਵਿੱਚ ਪਏ ਐਲਪੀਜੀ ਗੈਸ ਦੇ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਫਾਇਰ ਬ੍ਰਿਗੇਡ ਦੀ ਤਿੰਨ ਗੱਡੀਆਂ ਨੇ ਤਕਰੀਬਨ ਦੋ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਟਾਣਾ ਪਿੰਡ ਦੇ ਬਾਹਰਲੇ ਪਾਸੇ ਟੀਨ ਦੀਆਂ ਚਾਦਰਾਂ ਦੇ ਖੋਖਿਆਂ ਵਿੱਚ ਲੰਘੀ ਦੇਰ ਰਾਤ ਤਕਰੀਬਨ ਸਾਢੇ 11 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ ਜਿਸ ’ਤੇ ਡੇਢ ਵਜੇ ਦੇ ਕਰੀਬ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕੁਝ ਦੇਰ ਬਾਅਦ ਹੀ ਅੱਗ ਦੀਆਂ ਉੱਚੀ ਉੱਚੀ ਲਪਟਾਂ ਉੱਠਣ ਲੱਗ ਗਈਆਂ। ਚਾਰ ਖੋਖਿਆਂ ਵਿੱਚੋਂ ਇਕ ਖੋਖੇ ਵਿੱਚ ਛੇਂ ਦੇ ਕਰੀਬ ਭਰੇ ਹੋਏ ਛੋਟੇ ਸਿਲੰਡਰ ਪਏ ਸੀ ਜੋ ਅੱਗ ਵਿੱਚ ਜ਼ੋਰਦਾਰ ਧਮਾਕੇ ਨਾਲ ਫੱਟ ਗਏ। ਸਿਲੰਡਰ ਦੇ ਧਮਾਕੇ ਦੀ ਆਵਾਜ਼ ਸੁਣ ਕੇ ਰਿਹਾਇਸ਼ੀ ਖੇਤਰ ਵਿੱਚ ਦਹਿਸ਼ਤ ਫੈਲ ਗਈ ਤੇ ਲੋਕ ਘਰਾਂ ਤੋਂ ਬਾਹਰ ਸੜਕਾਂ ’ਤੇ ਆ ਗਏ। ਇਨ੍ਹਾਂ ਖੋਖਿਆਂ ਵਿੱਚ ਪਰਵਾਸੀ ਲੋਕ ਬਰਤਨ, ਮਨਿਆਰੀ ਤੇ ਹੋਰ ਦੁਕਾਨਾਂ ਚਲਾ ਰਹੇ ਸੀ। ਲੋਕਾਂ ਨੇ ਦੱਸਿਆ ਕਿ ਇਹ ਖੋਖੇ ਨਾਜਾਇਜ਼ ਤੌਰ ’ਤੇ ਇਥੇ ਰੱਖੇ ਹੋਏ ਸੀ ਜਿਨ੍ਹਾਂ ਨੂੰ ਚੁੱਕਣ ਬਾਰੇ ਕਈਂ ਵਾਰ ਕੌੀਸਲ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੇ ਸਮੇਂ ਰਹਿੰਦੇ ਫਾਇਰ ਬ੍ਰਿਗੇਡ ਦੀ ਗੱਡੀਆਂ ਨਾ ਪਹੁੰਚਦੀਆਂ ਤਾਂ ਨੁਕਸਾਨ ਵਧ ਹੋ ਸਕਦਾ ਸੀ।
ਲੰਘੀ ਦੇਰ ਰਾਤ ਮੌਕੇ ’ਤੇ ਪਹੁੰਚੇ ਫਾਇਰ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਪੌਣੇ 12 ਵਜੇ ਦੇ ਕਰੀਬ ਅੱਗ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਬਿਜਲੀ ਦਾ ਸ਼ਾਰਟ ਸਰਕਟ ਅੱਗ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਪਰ ਸੱਚਾਈ ਜਾਂਚ ਕਰਨ ਮਗਰੋਂ ਸਾਹਮਣੇ ਆਏਗਾ। ਉਨ੍ਹਾਂ ਨੇ ਕਿਹਾ ਕਿ ਜ਼ੀਰਕਪੁਰ ਦੀ ਦੋ ਤੇ ਡੇਰਾਬੱਸੀ ਦੀ ਇਕ ਗੱਡੀ ਨੇ ਦੋ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ।