ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਮਾਰਚ
ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਕਰ ਕੇ ਭਾਰਤ ਦੇ ਵੱਡੀ ਗਿਣਤੀ ਵਿਦਿਆਰਥੀ ਫਸ ਗਏ ਹਨ, ਜਿਸ ਕਰ ਕੇ ਮਾਪਿਆਂ ’ਚ ਡਰ ਦਾ ਮਾਹੌਲ ਹੈ। ਇਸੇ ਮਾਹੌਲ ਵਿੱਚ ਯੂਕਰੇਨ ਦੇ ਖਾਰਕੀਵ ਵਿੱਚ ਰਹਿ ਰਹੇ ਸ਼ਹਿਰ ਨਾਲ ਸਬੰਧਤ ਭੈਣ-ਭਰਾ ਸਣੇ ਚਾਰ ਵਿਦਿਆਰਥੀ ਅੱਜ ਵਾਪਸ ਸ਼ਹਿਰ ਪਹੁੰਚ ਗਏ ਹਨ। ਵਿਦਿਆਰਥੀਆਂ ਦਾ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਸਵਾਗਤ ਕੀਤਾ। ਖਾਰਕੀਵ ਤੋਂ ਚੰਡੀਗੜ੍ਹ ਪਹੁੰਚਣ ਵਾਲਿਆਂ ਵਿੱਚ ਪੀਜੀਆਈ ’ਚ ਰਹਿਣ ਵਾਲੇ ਕਿਰਪਾਲਜੋਤ ਸਿੰਘ, ਸੁਖਮਨ ਕੌਰ ਅਤੇ ਸੈਕਟਰ-47 ਦੇ ਵਸਨੀਕ ਪੂਰਵਾ ਸੂਦ ਅਤੇ ਇੰਦਰਪ੍ਰੀਤ ਕੌਰ ਸ਼ਾਮਲ ਹਨ।
ਪੀਜੀਆਈ ’ਚ ਰਹਿਣ ਵਾਲੇ ਕ੍ਰਿਪਾਲਜੋਤ ਸਿੰਘ ਅਤੇ ਸੁਖਮਨ ਕੌਰ ਦਾ ਪਿਤਾ ਫਤਹਿਦੀਪ ਅਤੇ ਮਾਤਾ ਸੁਨੀਤਾ ਨੇ ਘਰ ਪਹੁੰਚਣ ’ਤੇ ਸਵਾਗਤ ਕੀਤਾ। ਕਿਰਪਾਲਜੋਤ ਅਤੇ ਸੁਖਮਨ ਕੌਰ ਨੇ ਦੱਸਿਆ ਕਿ 24 ਫਰਵਰੀ ਨੂੰ ਰਾਤ ਵੇਲੇ ਅਚਾਨਕ ਰੂਸ ਨੇ ਕੀਵ ਤੇ ਖਾਰਕੀਵ ’ਚ ਗੋਲਾਬਾਰੀ ਸ਼ੁਰੂ ਕਰ ਦਿੱਤੀ ਹੈ। ਗੋਲਾਬਾਰੀ ਕਰ ਕੇ ਯੂਕਰੇਨ ਪੁਲੀਸ ਨੇ ਸਾਰਿਆਂ ਨੂੰ ਬੰਕਰਾਂ ਵਿੱਚ ਭੇਜ ਦਿੱਤਾ। ਉਨ੍ਹਾਂ ਕੋਲ ਭੋਜਨ ਦੀ ਵੀ ਘਾਟ ਸੀ ਜਦੋਂ ਕਿ ਪੀਣ ਲਈ ਪਾਣੀ ਵੀ ਬਹੁਤ ਜ਼ਿਆਦਾ ਥੁੜ ਸੀ।
ਉਨ੍ਹਾਂ ਦੱਸਿਆ ਕਿ ਭੋਜਣ ਘੱਟ ਹੋਣ ਕਰ ਕੇ ਦਿਨ ਵਿੱਚ ਇਕ ਸਮੇਂ ਦੀ ਰੋਟੀ ਖਾ ਕੇ ਗੁਜ਼ਾਰਾ ਕੀਤਾ। ਹਾਲਾਤ ਖਰਾਬ ਹੁੰਦੇ ਦੇਖ ਕੇ ਪਹਿਲੀ ਮਾਰਚ ਨੂੰ ਕੁਝ ਸਾਥੀਆਂ ਨਾਲ ਉਹ ਰੇਲਗੱਡੀ ਰਾਹੀਂ ਲਵੀਵ ਪਹੁੰਚੇ, ਜਿੱਥੋਂ ਪੋਲੈਂਡ ਹੁੰਦੇ ਹੋਏ ਭਾਰਤ ਪਹੁੰਚੇ ਹਨ। ਕਿਰਪਾਲਜੋਤ ਨੇ ਦੱਸਿਆ ਕਿ ਯੂਕਰੇਨ ’ਚ ਮਾੜੇ ਹਾਲਾਤ ਦੌਰਾਨ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸੰਪਰਕ ਨਾ ਹੋ ਸਕਿਆ। ਯੂਕਰੇਨ ਪੁਲੀਸ ਹੋਰਨਾਂ ਮੁਲਕਾਂ ਦੇ ਵਿਦਿਆਰਥੀਆਂ ਨਾਲ ਵੀ ਮਤਰੇਆ ਸਲੂਕ ਕਰ ਰਹੇ ਹਨ।
ਕਿਰਪਾਲਜੋਤ ਅਤੇ ਉਸ ਦੀ ਭੈਣ ਸੁਖਮਨ ਕੌਰ ਐੱਮਬੀਬੀਐੱਸ ਚੌਥੇ ਸਾਲ ਦੀ ਪੜ੍ਹਾਈ ਕਰ ਰਹੇ ਸਨ, ਜਿਨ੍ਹਾਂ ਨੇ ਮੰਗ ਕੀਤੀ ਕਿ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦੇ ਖ਼ਤਮ ਹੋਣ ਦਾ ਕੁਝ ਨਹੀਂ ਪਤਾ ਹੈ। ਇਸ ਜੰਗ ਕਰ ਕੇ ਐੱਮਬੀਬੀਐੱਸ ਦੀ ਚਾਰ ਸਾਲਾਂ ਦੀ ਪੜ੍ਹਾਈ ਖਰਾਬ ਹੋ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਭਾਰਤ ਵਿੱਚ ਹੀ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦਾ ਪ੍ਰਬੰਧ ਕਰਨ। ਤਾਂ ਜੋ ਲੰਬਾ ਸਮਾਂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋਣ ਤੋਂ ਬਚਾਅ ਹੋ ਸਕੇ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਦੇ ਬਰਵਾਲਾ ਕਸਬੇ ਦਾ ਵਿਦਿਆਰਥੀ ਰੋਹਿਤ ਜਿਹੜਾ ਕਿ ਯੂਕਰੇਨ ਦੀ ਨੈਸ਼ਨਲ ਯੂਨੀਵਰਸਿਟੀ ਖਾਰਕੀਵ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਿਆ ਸੀ, ਆਪਣੇ ਘਰ ਸਹੀ-ਸਲਾਮਤ ਵਾਪਸ ਪਹੁੰਚ ਗਿਆ ਹੈ। ਉਹ ਚਾਰ ਦਿਨ ਪੋਲੈਂਡ ਰੁਕਿਆ ਅਤੇ ਫਿਰ ਭਾਰਤ ਪਹੁੰਚਿਆ। ਰੋਹਿਤ ਦੇ ਘਰ ਵਾਪਸ ਆਉਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਉਸ ਦੇ ਘਰ ਪਹੁੰਚਣ ’ਤੇ ਨਾ ਸਿਰਫ ਉਸ ਦੇ ਪਰਿਵਾਰਕ ਮੈਂਬਰਾਂ, ਸਗੋਂ ਉਸ ਦੇ ਗੁਆਂਢੀਆਂ ਨੇ ਵੀ ਮਠਿਆਈਆਂ ਵੰਡੀਆਂ। ਰੋਹਿਤ ਅਨੁਸਾਰ ਉਸ ਦੇ ਘਰ ਤੱਕ ਆਉਣ ਦਾ ਸਾਰਾ ਖਰਚਾ ਸਰਕਾਰ ਨੇ ਕੀਤਾ ਹੈ ਅਤੇ ਉਹ ਸਰਕਾਰ ਦੇ ਪ੍ਰਬੰਧਾਂ ਤੋਂ ਖੁਸ਼ ਹੈ।
ਰੋਹਿਤ ਅਨੁਸਾਰ ਉਸ ਦਾ ਐੱਮਬੀਬੀਐੱਸ ਦਾ ਇਹ ਆਖਰੀ ਸਾਲ ਸੀ। ਉਸ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੋਈ ਉਦੋਂ ਤੋਂ ਹੀ ਸਾਰੇ ਪਰਿਵਾਰਕ ਮੈਂਬਰ ਹਾਲੋਂ ਬੇਹਾਲ ਸਨ ਅਤੇ ਉਨ੍ਹਾਂ ਦੀ ਚਿੰਤਾ ਦਿਨੋਂ-ਦਿਨ ਵਧ ਰਹੀ ਸੀ। ਉੱਧਰ, ਰੋਹਿਤ ਅਨੁਸਾਰ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਿਨੋਂ ਦਿਨ ਵਧਦੀ ਦੇਖ ਕੇ ਉਹ ਤੇ ਉਸ ਦੇ ਸਾਥੀ ਚਿੰਤਤ ਸਨ ਅਤੇ ਉਹ ਜਲਦੀ ਤੋਂ ਜਲਦੀ ਘਰ ਪਹੁੰਚਣਾ ਚਾਹੁੰਦੇ ਸਨ। ਘਰ ਵਾਪਸ ਪਹੁੰਚਣ ਉੱਤੇ ਉਸ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ।
ਵਿਨੈ ਦੀ ਘਰ ਵਾਪਸੀ ’ਤੇ ਮਾਪਿਆਂ ਨੇ ਲਿਆ ਸੁੱਖ ਦਾ ਸਾਹ
ਲਾਲੜੂ (ਸਰਬਜੀਤ ਸਿੰਘ ਭੱਟੀ): ਯੂਕਰੇਨ ਦੇ ਸ਼ਹਿਰ ਖਾਰਕੀਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਕਰਨ ਗਿਆ ਲਾਲੜੂ ਦਾ ਵਿਨੈ ਗੌੜ ਬੀਤੀ ਰਾਤ ਸਹੀ-ਸਲਾਮਤ ਆਪਣੇ ਪਰਿਵਾਰ ਵਿੱਚ ਵਾਪਸ ਪਰਤਿਆ ਅਤੇ ਪਰਿਵਾਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਰਕਾਰ ਦਾ ਧੰਨਵਾਦ ਕੀਤਾ। ਵਿਨੈ ਨੇ ਦੱਸਿਆ ਕਿ ਉਸ ਨੇ ਖਾਰਕੀਵ ਤੋਂ ਲੋਬੀਵ ਸਿਟੀ ਤੱਕ ਰੇਲ ਗੱਡੀ ਵਿੱਚ 24-25 ਘੰਟੇ ਬਾਥਰੂਮ ਦੇ ਅੱਗੇ ਬੈਠ ਕੇ ਜਾਨ ਜੋਖਮ ਵਿਚ ਪਾ ਕੇ ਸਫਰ ਕੀਤਾ। ਵਿਨੈ 12 ਦੰਸਬਰ 2020 ਨੂੰ ਐੱਮਬੀਬੀਐੱਸ ਕਰਨ ਲਈ ਯੂਕਰੇਨ ਗਿਆ ਸੀ, ਜੋ ਦੂਜੇ ਸਾਲ ਦੇ ਦੂਜੇ ਸਮੈਸਟਰ ਦਾ ਵਿਦਿਆਰਥੀ ਹੈ ਪਰ 24 ਫਰਵਰੀ ਨੂੰ ਉੱਥੇ ਹਾਲਾਤ ਖਰਾਬ ਹੋਣ ਕਾਰਨ ਉਸ ਨੂੰ ਵਾਪਸ ਆਉਣ ਲਈ ਮਜਬੂਰ ਹੋਣਾ ਪਿਆ। ਜੰਗ ਦੇ ਹਾਲਾਤ ਬਣਨ ’ਤੇ ਕਰੀਬ ਦੋ ਹਫਤੇ ਕਲਾਸਾਂ ਬੰਦ ਰਹੀਆਂ, ਜਿਸ ’ਤੇ ਏਜੰਟ ਨੇ ਵੱਟਸਐਪ ਗਰੁੱਪ ’ਤੇ ਜਾਣਕਾਰੀ ਦਿੱਤੀ ਕਿ ਖਾਰਕੀਵ ਦੇ ਹਾਲਾਤ ਖਰਾਬ ਹਨ, ਇਸ ਲਈ ਉਹ ਬੰਕਰਾਂ ਵਿੱਚ ਚਲੇ ਜਾਣ। ਸ਼ਹਿਰ ਦੇ ਬੰਕਰਾਂ ਦੀ ਜਾਣਕਾਰੀ ਗੂਗਲ ’ਤੇ ਪਾਏ ਨਕਸ਼ੇ ਵਿੱਚ ਦਿੱਤੀ ਗਈ। ਉਹ ਪੰਜ ਦਿਨ 200-250 ਵਿਦਿਆਰਥੀਆਂ ਤੇ ਸਥਾਨਕ ਲੋਕਾਂ ਨਾਲ ਬੰਕਰ ਵਿਚ ਰਿਹਾ। ਉਸ ਨੇ ਖਾਰਕੀਵ ਤੋਂ ਲੋਵੀਵ ਸਿਟੀ ਤੱਕ 24-25 ਘੰਟੇ ਰੇਲ ਗੱਡੀ ਦੇ ਪਖਾਨੇ ਦੇ ਦਰਵਾਜ਼ੇ ਮੂਹਰੇ ਬੈਠ ਕੇ ਸਫਰ ਕੀਤਾ ਅਤੇ ਦੋ ਦਿਨ ਉਹ ਪੋਲੈਂਡ ਦੇ ਹੋਟਲ ਵਿੱਚ ਰਹੇ, ਜਿੱਥੇ ਭਾਰਤ ਦੇ ਕੇਂਦਰੀ ਮੰਤਰੀ ਜਰਨਲ ਵੀ.ਕੇ. ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਖਾਣ-ਪੀਣ ਦਾ ਸਾਮਾਨ ਵੀ ਦਿੱਤਾ। ਫਿਰ 10-12 ਘੰਟੇ ਹਵਾਈ ਸਫਰ ਕਰਨ ਤੋਂ ਬਾਅਦ 5 ਮਾਰਚ ਨੂੰ ਸਵੇਰੇ 10 ਵਜੇ ਉਹ ਦਿੱਲੀ ਹਵਾਈ ਅੱਡੇ ਪੁੱਜੇ, ਜਿੱਥੇ ਮਾਪੇ ਉਨ੍ਹਾਂ ਨੂੰ ਲੈਣ ਲਈ ਪਹੁੰਚੇ ਹੋਏ ਸਨ। ਖਾਰਕੀਵ ਵਿੱਚ ਪੜ੍ਹ ਰਿਹਾ ਵਿਨੈ ਦੀ ਮਾਸੀ ਦਾ ਮੁੰਡਾ ਭੈਵਵ ਅਤੇ ਕੁੜੀ ਕੀਰਤੀ ਵਾਸੀ ਕਰਨਾਲ ਵੀ ਉਸ ਦੇ ਨਾਲ ਹੀ ਜਹਾਜ਼ ਵਿੱਚ ਭਾਰਤ ਪੁੱਜੇ।