ਪੱਤਰ ਪ੍ਰੇਰਕ
ਪੰਚਕੂਲਾ, 21 ਸਤੰਬਰ
ਪੰਚਕੂਲਾ ਪੁਲੀਸ ਨੇ ਸਖ਼ਤ ਨਾਕਾ ਲਗਾ ਕੇ ਚਾਰ ਨੌਜਵਾਨਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਕ੍ਰਾਈਮ ਬ੍ਰਾਂਚ ਸੈਕਟਰ 19 ਦੇ ਇੰਸਪੈਕਟਰ ਯੋਗਵਿੰਦਰ ਸਿੰਘ ਨੇ ਦਿੱਤੀ। ਫੜ੍ਹੇ ਗਏ ਨੌਜਵਾਨਾਂ ਦੀ ਪਛਾਣ ਸੁਸ਼ੀਲ, ਲਖਨ, ਅੰਕੁਸ਼ ਅਤੇ ਜਤਿੰਦਰ ਕੁਮਾਰ ਵਜੋਂ ਹੋਈ ਹੈ। ਪੁਲੀਸ ਟੀਮ ਫੇਜ਼-1 ਪੰਚਕੂਲਾ, ਆਸ਼ਿਆਨਾ ਸੈਕਟਰ 20 ਪੰਚਕੂਲਾ ਵੱਲ ਗਸ਼ਤ ਕਰ ਰਹੀ ਸੀ ਉਦੋਂ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ 4 ਵਿਅਕਤੀ ਨਾਜਾਇਜ਼ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਅਤੇ ਪੁਲੀਸ ਟੀਮ ਨੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਤਾਂ ਕੁਝ ਸਮੇਂ ਬਾਅਦ ਢਕੌਲੀ ਵਾਲੇ ਪਾਸਿਓਂ ਇੱਕ ਕਾਰ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਗੱਡੀ ਦੇ ਡੈਸ਼ਬੋਰਡ ਤੋਂ ਮੈਗਜ਼ੀਨ ਸਮੇਤ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ। ਜਿੱਥੋਂ ਇਹਨਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।