ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 7 ਅਪਰੈਲ
ਪਿੰਡ ਮਾਜਰਾ ਵਿੱਚ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਹੋਈ ਤਕਰਾਰ ਮਗਰੋਂ ਵਾਪਰੇ ਗੋਲੀ ਕਾਂਡ ਵਿੱਚ ਸ਼ਾਮਲ ਚਾਰ ਨੌਜਵਾਨਾਂ ਨੂੰ ਜੁਡੀਸ਼ਲ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।
ਥਾਣਾ ਮੁੱਲਾਂਪੁਰ ਗਰੀਬਦਾਸ ਪੁਲੀਸ ਦੇ ਐੱਸਐੱਚਓ ਯੋਗੇਸ਼ ਕੁਮਾਰ ਤੇ ਜਾਂਚ ਅਫਸਰ ਹਰਪਾਲ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ, ਜਗਵਿੰਦਰ ਸਿੰਘ ਉਰਫ ਜੱਗੀ, ਬਿਕਰਮ ਸਿੰਘ ਉਰਫ ਗਗਨੀ ਤੇ ਪ੍ਰਿੰਸ ਜੋ ਕਿ ਪੁਲੀਸ ਰਿਮਾਂਡ ਉੱਤੇ ਸਨ, ਦਾ ਰਿਮਾਂਡ ਖਤਮ ਹੋਣ ਮਗਰੋਂ ਅੱਜ ਇਲਾਕਾ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ: ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਹੋਰਨਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਕਾਰਵਾਈ ਜਾਰੀ ਹੈ। ਪੁਲੀਸ ਅਨੁਸਾਰ ਗੋਲੀ ਕਾਂਡ ਵਿੱਚ ਮੁੱਖ ਮੁਲਜ਼ਮ ਸੁਖਵੀਰ ਸਿੰਘ ਹੁਸ਼ਿਆਰਪੁਰ ਜਿਸ ਦੀ ਲੱਤ ਨੂੰ ਪਲੱਸਤਰ ਲੱਗਾ ਹੋਣ ਕਰ ਕੇ ਉਹ ਅਜੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਨੂੰ ਹਸਪਤਾਲ ਵਿੱਚੋਂ ਛੁੱਟੀ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ 29 ਮਾਰਚ ਦੀ ਸ਼ਾਮ ਨੂੰ ਹੋਲੀ ਦੇ ਤਿਓਹਾਰ ਦੀ ਪਾਰਟੀ ਦੌਰਾਨ ਪਿੰਡ ਮਾਜਰਾ ਵਿੱਚ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਹੋਈ ਤਕਰਾਰ ਮਗਰੋਂ ਵਾਪਰੇ ਗੋਲੀ ਕਾਂਡ ਵਿੱਚ ਪਿੰਡ ਮਾਜਰਾ ਵਾਸੀ 23 ਸਾਲਾ ਨੌਜਵਾਨ ਸਤਨਾਮ ਸਿੰਘ ਦੀ ਮੌਤ ਹੋ ਗਈ ਸੀ। ਪੁਲੀਸ ਵੱਲੋਂ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।