ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਮਈ
ਆਈਟੀ ਸਿਟੀ ਮੁਹਾਲੀ ਵਿੱਚ ਗੈਰਕਾਨੂੰਨੀ ਇਮੀਗਰੇਸ਼ਨ ਦਾ ਗੋਰਖਧੰਦਾ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਮੁਹਾਲੀ ਪ੍ਰੈੱਸ ਕਲੱਬ ਵਿੱਚ ਸਮਾਜ ਸੇਵੀ ਸੰਸਥਾ ‘ਪੰਜਾਬ ਅਗੇਂਸਟ ਕੁਰੱਪਸ਼ਨ’ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਈ ਪੀੜਤ ਪਰਿਵਾਰਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਅਤੇ ਮੁਹਾਲੀ ਪੁਲੀਸ ’ਤੇ ਟਰੈਵਲ ਏਜੰਟਾਂ ਨਾਲ ਮਿਲੀਭੁਗਤ ਅਤੇ ਥਾਣਿਆਂ ਵਿੱਚ ਵੀਆਈਪੀ ਟਰੀਟਮੈਂਟ ਦੇਣ ਦਾ ਦੋਸ਼ ਲਾਇਆ। ਸਮਾਜ ਸੇਵੀ ਸ੍ਰੀ ਦਾਊਂ ਅਤੇ ਐਡਵੋਕੇਟ ਤਜਿੰਦਰ ਸਿੱਧੂ ਨੇ ਕਿਹਾ ਕਿ ਪੀੜਤ ਨਿਕਿਤਾ ਕੌਸ਼ਿਕ ਵਾਸੀ ਪੰਚਕੂਲਾ ਤੋਂ 23 ਲੱਖ ਰੁਪਏ, ਬਲਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਬਠਿੰਡਾ ਤੋਂ 22 ਤੇ 11 ਲੱਖ ਰੁਪਏ, ਅਵੀਰਾਜ ਅਤੇ ਗਗਨਪ੍ਰੀਤ ਵਾਸੀ ਸਕੇਤੜੀ ਤੋਂ 28 ਲੱਖ ਅਤੇ 22 ਲੱਖ ਰੁਪਏ, ਤਨਜੀਤ ਸਿੰਘ ਵਾਸੀ ਲੁਧਿਆਣਾ ਤੋਂ 12 ਲੱਖ ਰੁਪਏ, ਹਨੀਸ਼ਾ ਨੋਟਾ ਵਾਸੀ ਦਿੱਲੀ ਤੋਂ 14 ਲੱਖ ਰੁਪਏ, ਜਸਕਰਨ ਸਿੰਘ ਵਾਸੀ ਤਰਨ ਤਾਰਨ ਤੋਂ 18 ਲੱਖ ਅਤੇ ਸੁਖਨੀਤ ਸਿੰਘ ਵਾਸੀ ਕੁਰਾਲੀ ਤੋਂ 8.5 ਲੱਖ ਰੁਪਏ ਲੈਣ ਦੇ ਬਾਵਜੂਦ ਟਰੈਵਲ ਏਜੰਟਾਂ ਨੇ ਇਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਆਗੂਆਂ ਨੇ ਮੁਹਾਲੀ ਵਿੱਚ ਕੰਮ ਕਰਦੇ ਅਜਿਹੇ ਬਹੁਤ ਸਾਰੇ ਏਜੰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗਾਇਕ ਤੇ ਮਾਡਲਿੰਗ ਤੋਂ ਇਮੀਗਰੇਸ਼ਨ ਦਾ ਧੰਦਾ ਕਰਨ ਵਾਲੇ ਵਿਅਕਤੀ ਵਿਰੁੱਧ ਸ਼ਿਕਾਇਤ ’ਤੇ ਪੁਲੀਸ ਉਸ ਨੂੰ ਥਾਣੇ ਵਿੱਚ ਬਿਠਾ ਕੇ ਵੀਆਈਵੀ ਟਰੀਟਮੈਂਟ ਦਿੰਦੀ ਹੈ। ਹਾਲਾਂਕਿ ਪੀੜਤਾਂ ਦਾ ਦਬਾਅ ਪੈਣ ਕਾਰਨ ਏਜੰਟ ਵਿਰੁੱਧ ਪਰਚਾ ਤਾਂ ਦਰਜ ਕਰ ਲਿਆ ਗਿਆ ਪ੍ਰੰਤੂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਕਈ ਪੀੜਤ ਵਿਅਕਤੀਆਂ ਨੇ ਫਰਜ਼ੀ ਵੀਜ਼ੇ ਵੀ ਦਿਖਾਏ ਜਦੋਂਕਿ ਅਵੀਰਾਜ ਸਿੰਘ ਜਦੋਂਕਿ ਫਰਜ਼ੀ ਵੀਜ਼ੇ ’ਤੇ ਵਿਦੇਸ਼ ਜਾਣ ਲੱਗਾ ਤਾਂ ਉਸ ਨੂੰ ਹਵਾਲਾਤ ਵਿੱਚ ਬੰਦ ਰਹਿਣਾ ਪਿਆ। ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਤੋਂ ਮੰਗ ਕੀਤੀ ਕਿ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਟਰੈਵਲ ਏਜੰਟਾਂ ਅਤੇ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਐੱਸਪੀ (ਸਿਟੀ) ਜਗਵਿੰਦਰ ਸਿੰਘ ਚੀਮਾ ਨੇ ਪੁਲੀਸ ’ਤੇ ਮਿਲੀਭੁਗਤ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਟਰੈਵਲ ਏਜੰਟਾਂ ਵਿਰੁੱਧ ਐੱਫ਼ਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।