ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਨਵੰਬਰ
ਯੂਟੀ ਦੇ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਵਿੱਚ ਸਾਲ 2022-23 ਦੌਰਾਨ ਐਂਟਰੀ ਲੈਵਲ ਜਮਾਤਾਂ ਵਿਚ ਦਾਖ਼ਲੇ ਲਈ ਸਾਂਝੀ ਸਮਾਂ ਸਾਰਣੀ ਅੱਜ ਜਾਰੀ ਕਰ ਦਿੱਤੀ। ਇਨ੍ਹਾਂ ਸਕੂਲਾਂ ਵਿਚ ਸੱਤ ਦਸੰਬਰ ਤੋਂ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸਕੂਲ ਦਾਖ਼ਲੇ ਸਬੰਧੀ ਵਿਸਥਾਰਤ ਜਾਣਕਾਰੀ ਆਪਣੀ ਵੈੱਬਸਾਈਟ ਤੇ ਨੋਟਿਸ ਬੋਰਡ ’ਤੇ 6 ਦਸੰਬਰ ਤਕ ਅਪਲੋਡ ਕਰਨਗੇ। ਇਸ ਵਾਰ ਸ਼ਹਿਰ ਵਿਚ 80 ਦੇ ਕਰੀਬ ਪ੍ਰਾਈਵੇਟ ਸਕੂਲਾਂ ਵਿੱਚ 11,700 ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਸਕੂਲ ਐਂਟਰੀ ਲੈਵਲ ਜਮਾਤਾਂ ਦੀਆਂ ਪੁਸਤਕਾਂ ਦੀ ਸੂਚੀ ਆਪਣੀ ਵੈੱਬਸਾਈਟ ’ਤੇ ਅਪਲੋਡ ਕਰਨਗੇ ਤੇ ਮਾਪੇ ਇਹ ਕਿਤਾਬਾਂ ਤੇ ਸਕੂਲ ਵਰਦੀਆਂ ਆਪਣੀ ਮਨਪਸੰਦ ਦੀ ਦੁਕਾਨ ਤੋਂ ਖ਼ਰੀਦ ਸਕਦੇ ਹਨ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਅੱਜ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਸਕੂਲਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਸਕੂਲ ਵਿਚ ਐਂਟਰੀ ਲੈਵਲ ਜਮਾਤਾਂ ਲਈ ਸੀਟਾਂ ਦੇ ਵੇਰਵੇ, ਫੀਸਾਂ ਤੇ ਦਾਖ਼ਲੇ ਸਬੰਧੀ ਜਾਣਕਾਰੀ ਆਪਣੀ ਵੈੱਬਸਾਈਟ ਅਤੇ ਨੋਟਿਸ ਬੋਰਡ ’ਤੇ 6 ਦਸੰਬਰ ਤੋਂ ਪਹਿਲਾਂ ਅਪਲੋਡ ਕਰਨ। ਇਸ ਤੋਂ ਬਾਅਦ ਸਕੂਲਾਂ ਵਿਚ ਦਾਖ਼ਲਾ ਫਾਰਮ 7 ਤੋਂ 18 ਦਸੰਬਰ ਤਕ ਮਿਲਣਗੇ। ਸਕੂਲ ਯੋਗ ਵਿਦਿਆਰਥੀਆਂ ਦੀ ਸੂਚੀ ਆਪਣੀ ਵੈੱਬਸਾਈਟ ’ਤੇ 14 ਜਨਵਰੀ ਤੋਂ ਪਹਿਲਾਂ ਅਪਲੋਡ ਕਰਨਗੇ। ਇਸ ਤੋਂ ਬਾਅਦ ਇਤਰਾਜ਼ਾਂ ਤੋਂ ਬਾਅਦ ਪਹਿਲੀ ਫਰਵਰੀ ਨੂੰ ਸਕੂਲ ਵਿਚ ਦਾਖ਼ਲ ਹੋਣ ਵਾਲੇ ਤੇ ਵੇਟਿੰਗ ਵਾਲੇ ਵਿਦਿਆਰਥੀਆਂ ਦੀ ਸੂਚੀ ਪਹਿਲੀ ਫਰਵਰੀ ਤਕ ਨਸ਼ਰ ਕਰਨੀ ਜ਼ਰੂਰੀ ਹੋਵੇਗੀ। ਦਾਖ਼ਲਾ ਮਿਲਣ ਵਾਲੇ ਵਿਦਿਆਰਥੀਆਂ ਦੇ ਮਾਪੇ 11 ਫਰਵਰੀ ਤਕ ਫੀਸ ਜਮ੍ਹਾਂ ਕਰਵਾ ਸਕਣਗੇ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਐਂਟਰੀ ਲੈਵਲ ਜਮਾਤਾਂ ਲਈ ਦਾਖ਼ਲਾ ਫਾਰਮ ਸਕੂਲ ਦੀ ਵੈੱਬਸਾਈਟ ਤੋਂ ਮੁਫ਼ਤ ਵਿਚ ਡਾਊਨਲੋਡ ਕੀਤੇ ਜਾ ਸਕਦੇ ਹਨ। ਮਾਪਿਆਂ ਨੂੰ ਫਾਰਮ ਭਰਨ ਤੋਂ ਬਾਅਦ ਇਸ ਨੂੰ ਸਕੂਲਾਂ ਕੋਲ ਜਾ ਕੇ ਜਮ੍ਹਾਂ ਕਰਵਾਉਣਾ ਪਵੇਗਾ ਜਿਸ ਦੀ ਰਜਿਸਟਰੇਸ਼ਨ ਫੀਸ 100 ਰੁਪਏ ਹੋਵੇਗੀ। ਰਾਈਟ-ਟੂ-ਐਜੂਕੇਸ਼ਨ ਐਕਟ ਅਨੁਸਾਰ ਹਰ ਸਕੂਲ ਨੂੰ ਐਂਟਰੀ ਲੈਵਲ ਜਮਾਤਾਂ ਵਿਚ 25 ਫ਼ੀਸਦੀ ਸੀਟਾਂ ਆਰਥਿਕ ਪੱਖੋਂ ਕਮਜ਼ੋਰ ਵਰਗ ਲਈ ਰਾਖਵੀਆਂ ਰੱਖਣੀਆਂ ਪੈਣਗੀਆਂ।
ਇੰਟਰਨੈੱਟ ਦੀ ਘੱਟ ਰਫ਼ਤਾਰ ਕਾਰਨ ਸਕੂਲਾਂ ਵਿੱਚ ਲੇਟ ਸ਼ੁਰੂ ਹੋਈ ਪ੍ਰੀਖਿਆ; ਵਿਦਿਆਰਥੀ ਪ੍ਰੇਸ਼ਾਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਮੁੱਖ ਵਿਸ਼ਿਆਂ ਦੇ ਪੇਪਰ ਅੱਜ ਤੋਂ ਸ਼ੁਰੂ ਹੋਏ। ਚੰਡੀਗੜ੍ਹ ਦੇ 110 ਪ੍ਰੀਖਿਆ ਕੇਂਦਰਾਂ ਵਿਚ ਸੋਸ਼ਲ ਸਾਇੰਸ ਦੀ ਪ੍ਰੀਖਿਆ ਹੋਈ ਜਿਸ ਵਿਚ 15 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਹ ਪ੍ਰੀਖਿਆ ਸਵੇਰੇ 11.30 ਵਜੇ ਸ਼ੁਰੂ ਹੋਣੀ ਸੀ ਪਰ ਸੀਬੀਐਸਈ ਵੱਲੋਂ ਪਹਿਲੀ ਵਾਰ ਆਨਲਾਈਨ ਪ੍ਰੀਖਿਆ ਪੱਤਰ ਤੇ ਉੱਤਰ ਪੱਤਰੀਆਂ ਭੇਜੀਆਂ ਗਈਆਂ ਜਿਨ੍ਹਾਂ ਨੂੰ ਸਕੂਲਾਂ ਵਲੋਂ ਡਾਊਨਲੋਡ ਕਰ ਕੇ ਅੱਗੇ ਵਿਦਿਆਰਥੀਆਂ ਨੂੰ ਵੰਡਿਆ ਜਾਣਾ ਸੀ, ਕਈ ਸਕੂਲਾਂ ਵਿਚ ਇੰਟਰਨੈੱਟ ਹੌਲੀ ਚੱਲਣ ਕਾਰਨ ਸਮੇਂ ਸਿਰ ਪ੍ਰੀਖਿਆ ਪੱਤਰ ਡਾਊਨਲੋਡ ਨਹੀਂ ਹੋਏ ਜਿਸ ਕਾਰਨ ਸਕੂਲਾਂ ਵਿਚ ਪ੍ਰੀਖਿਆ 15 ਤੋਂ 30 ਮਿੰਟ ਲੇਟ ਸ਼ੁਰੂ ਹੋਈ। ਸਕੂਲ ਮੁਖੀਆਂ ਨੇ ਦੱਸਿਆ ਕਿ ਸਮੇਂ ਸਿਰ ਪ੍ਰੀਖਿਆ ਤੇ ਉਤਰ ਪੱਤਰੀਆਂ ਪ੍ਰਿੰਟ ਨਾ ਹੋਣ ਕਾਰਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ 15 ਮਿੰਟ ਫਾਲਤੂ ਦਿੱਤੇ। ਪ੍ਰੀਖਿਆ ਕੰਟਰੋਲਰ ਨੇ ਵੀ ਦੱਸਿਆ ਕਿ ਸਰਵਰ ਡਾਊਨ ਹੋਣ ਕਾਰਨ ਕਈ ਸਕੂਲਾਂ ਵਿਚ 20 ਤੋਂ 30 ਮਿੰਟ ਪੇਪਰ ਲੇਟ ਸ਼ੁਰੂ ਹੋਇਆ। ਸੀਬੀਐਸਈ ਵਲੋਂ ਕਰੋਨਾ ਸਾਵਧਾਨੀਆਂ ਕਾਰਨ ਇਕ ਕਮਰੇ ਵਿਚ ਸਿਰਫ 12 ਵਿਦਿਆਰਥੀਆਂ ਦੇ ਬੈਠਣ ਲਈ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਪਰ ਕਈ ਸਕੂਲਾਂ ਵਿਚ ਵੱਧ ਵਿਦਿਆਰਥੀਆਂ ਦੇ ਪ੍ਰੀਖਿਆ ਦੇਣ ਦੀਆਂ ਖਬਰਾਂ ਵੀ ਮਿਲੀਆਂ ਹਨ। ਦੱਸਣਾ ਬਣਦਾ ਹੈ ਕਿ ਸੀਬੀਐਸਈ ਵੱਲੋਂ ਕਰੋਨਾ ਕਾਰਨ ਪਹਿਲੀ ਵਾਰ ਪ੍ਰੀਖਿਆ ਦੋ ਹਿੱਸਿਆਂ ਟਰਮ-1 ਤੇ ਟਰਮ-2 ਵਿਚ ਕਰਵਾਈ ਜਾ ਰਹੀ ਹੈ।