ਜਗਮੋਹਨ ਸਿੰਘ
ਰੂਪਨਗਰ, 18 ਅਪਰੈਲ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚ ਬੀਤੀ ਰਾਤ ਕੋਲਾ ਖਾਲੀ ਕਰਨ ਉਪਰੰਤ ਵਾਪਸ ਮੁਰਾਦਾਬਾਦ ਪਰਤ ਰਹੀ ਮਾਲ ਗੱਡੀ ਰੂਪਨਗਰ ਤੋਂ ਥੋੜ੍ਹਾ ਅੱਗੇ ਜਾ ਕੇ ਗੁਰਦੁਆਰਾ ਭੱਠਾ ਸਾਹਿਬ ਨਜ਼ਦੀਕ ਟਰੈਕ ਤੋਂ ਉਤਰ ਕੇ ਪਲਟ ਗਈ। ਇਸ ਹਾਦਸੇ ਦੌਰਾਨ ਜਾਨੀ ਜਾਂ ਸਰੀਰਕ ਨੁਕਸਾਨ ਤੋਂ ਬਚਾਅ ਰਿਹਾ ਪਰ 58 ਬੋਗੀਆਂ ਵਾਲੀ ਇਸ ਮਾਲ ਗੱਡੀ ਦੀਆਂ 17 ਬੋਗੀਆਂ ਨੁਕਸਾਨੀਆਂ ਗਈਆਂ। ਹਾਦਸੇ ਤੋਂ ਬਾਅਦ ਇਸ ਰੇਲਵੇ ਟਰੈਕ ਰਾਹੀਂ ਗੁਜ਼ਰਨ ਵਾਲੀਆਂ ਹੋਰਨਾਂ ਸਵਾਰੀ ਗੱਡੀਆਂ ਨੂੰ ਮੋਰਿੰਡਾ ਅਤੇ ਹੋਰ ਸਟੇਸ਼ਨਾਂ ’ਤੇ ਰੋਕ ਕੇ ਰੇਲਵੇ ਵਿਭਾਗ ਨੂੰ ਸਵਾਰੀਆਂ ਦੇ ਪੈਸੇ ਵਾਪਸ ਮੋੜਨੇ ਪਏ। ਇਸ ਤੋਂ ਇਲਾਵਾ ਕੁੱਝ ਬਿਜਲੀ ਦੇ ਖੰਭੇ ਅਤੇ ਤਾਰਾਂ ਵੀ ਨੁਕਸਾਨੀਆਂ ਗਈਆਂ। ਹਾਦਸੇ ਦਾ ਕਾਰਨ ਮਾਲ ਗੱਡੀ ਦੇ ਅੱਗੇ ਅਚਾਨਕ ਲਾਵਾਰਿਸ ਪਸ਼ੂਆਂ ਦੇ ਝੁੰਡ ਆ ਜਾਣਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਦਿੱਲੀ ਜਾਣ ਵਾਲੀ ਸਵਾਰੀ ਗੱਡੀ ਇਸ ਟਰੈਕ ਤੋਂ ਗੁਜ਼ਰੀ ਸੀ।
ਰੇਲਵੇ ਵਿਭਾਗ ਦੇ ਅੰਬਾਲਾ ਮੰਡਲ ਦੇ ਡੀ.ਆਰ.ਐੱਮ. ਗੁਰਿੰਦਰ ਮੋਹਨ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਘਟਨਾ ਸਥਾਨ ਤੇ ਪੁੱਜ ਕੇ ਹਾਦਸੇ ਦਾ ਜਾਇਜ਼ਾ ਲਿਆ ਤੇ ਰੇਲਵੇ ਦੀਆਂ ਟੀਮਾਂ ਟਰੈਕ ’ਤੇ ਆਵਾਜਾਈ ਬਹਾਲ ਕਰਨ ਵਿੱਚ ਜੁਟ ਗਈਆਂ। ਰੂਪਨਗਰ ਰੇਲਵੇ ਸਟੇਸ਼ਨ ਦੇ ਕਾਰਜਕਾਰੀ ਸੁਪਰਡੈਂਟ ਹਜ਼ਾਰੀ ਰਾਮ ਅਨੁਸਾਰ ਰੂਪਨਗਰ ਰੇਲਵੇ ਸਟੇਸ਼ਨ ਤੋਂ ਦਿੱਲੀ ਜਾਣ ਵਾਲੀ ਹਿਮਾਚਲ ਐਕਸਪ੍ਰੈੱਸ ਦੇ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਬਾਅਦ 12 .05 ਵਜੇ ਖਾਲੀ ਮਾਲ ਗੱਡੀ ਦਾ ਰੈਕ ਮੁਰਾਦਾਬਾਦ ਲਈ ਰਵਾਨਾ ਹੋਇਆ ਸੀ ਤੇ ਸਿਰਫ 6-7 ਮਿੰਟਾਂ ਬਾਅਦ ਮਾਲ ਗੱਡੀ ਦੇ ਇੰਜਨ ਚਾਲਕ ਨੇ ਰੂਪਨਗਰ ਰੇਲਵੇ ਨੂੰ ਸੂਚਿਤ ਕੀਤਾ ਕਿ ਗੇਟ ਨੰਬਰ 43-ਬੀ ਨੇੜੇ ਲਿਜਾਇਆ ਰਿਹਾ ਰੈਕ ਡੀਰੇਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਲੇ ਆਦੇਸ਼ਾਂ ਤੱਕ ਸਰਹਿੰਦ ਸੈਕਸ਼ਨ ’ਤੇ ਪੈਂਦੇ ਮੋਰਿੰਡਾ-ਰੂਪਨਗਰ ਰੇਲਵੇ ਟਰੇਕ ’ਤੇ ਆਵਾਜਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਜਨ ਸ਼ਤਾਬਦੀ ਸਣੇ ਪੰਜ ਰੇਲ ਗੱਡੀਆਂ ਰੱਦ
ਅੰਬਾਲਾ (ਰਤਨ ਸਿੰਘ ਢਿੱਲੋਂ): ਰੂਪਨਗਰ ਨੇੜੇ ਵਾਪਰੇ ਰੇਲ ਹਾਦਸੇ ਦਾ ਅਸਰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਵੀ ਦੇਖਣ ਨੂੰ ਮਿਲਿਆ। ਡੀਆਰਐੱਮ ਅੰਬਾਲਾ ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਜਨ ਸ਼ਤਾਬਦੀ ਅਤੇ ਹਿਮਾਚਲ ਐਕਸਪ੍ਰੈੱਸ ਸਮੇਤ ਪੰਜ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਹਾਦਸੇ ਦਾ ਅਸਰ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ’ਤੇ ਵੀ ਦੇਖਣ ਨੂੰ ਮਿਲਿਆ। ਅੰਬਾਲਾ ਰੇਲਵੇ ਡਿਵੀਜ਼ਨ ਦੇ ਤਹਿਤ ਕਰੀਬ ਅੱਧੀ ਦਰਜਨ ਗੱਡੀਆਂ ਰੱਦ ਰਹੀਆਂ ਜਦੋਂ ਕਿ ਕਈ ਗੱਡੀਆਂ ਦੇ ਮਾਰਗ ਬਦਲੇ ਗਏ ਜਿਸ ਕਰਕੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਸਾਫ਼ਰਾਂ ਦਾ ਕਹਿਣਾ ਸੀ ਕਿ ਰੇਲਵੇ ਸਟੇਸ਼ਨ ’ਤੇ ਅਨਾਊਂਸਮੈਂਟ ਤਾਂ ਕੀਤੀ ਗਈ ਪਰ ਇਹ ਨਹੀਂ ਦੱਸਿਆ ਗਿਆ ਕਿ ਰੂਟ ਕਦੋਂ ਤੱਕ ਬਹਾਲ ਹੋਵੇਗਾ। ਰੇਲਵੇ ਸਟੇਸ਼ਨ ਤੋਂ ਨਿਰਾਸ਼ ਹੋ ਕੇ ਜ਼ਿਆਦਾਤਰ ਲੋਕ ਬੱਸ ਅੱਡੇ ਵੱਲ ਜਾ ਰਹੇ ਸਨ। ਭਾਰੀ ਭੀੜ ਨੂੰ ਦੇਖਦਿਆਂ ਅੱਡਾ ਇੰਚਾਰਜ ਅਜੀਤ ਸਿੰਘ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ।