ਅਤਰ ਸਿੰਘ
ਡੇਰਾਬੱਸੀ, 17 ਅਗਸਤ
ਡੇਰਾਬੱਸੀ ਹਲਕੇ ਵਿੱਚ ਫੂਡ ਸੇਫਟੀ ਵਿਭਾਗ, ਪੰਜਾਬ ਵੱਲੋਂ ਫਲਾਂ ਅਤੇ ਸਬਜ਼ੀਆਂ ਉਤੇ ਸਟਿੱਕਰ ਨਾ ਚਿਪਕਾੳਣ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ । ਹਲਕੇ ਵਿੱਚ ਫਲਾਂ ਦੀਆਂ ਰੇਹੜੀਆਂ ਅਤੇ ਦੁਕਾਨਾਂ ਉੱਤੇ ਫਲਾਂ ’ਤੇ ਚਿਪਕੇ ਹੋਏ ਸਟਿੱਕਰ ਆਮ ਵੇਖੇ ਜਾ ਸਕਦੇ ਹਨ ਜੋ ਕਿ ਫੂਡ ਸੇਫਟੀ ਕਾਨੂੰਨ ਦੀ ਉਲੰਘਣਾ ਸ਼ਰੇ ਆਮ ਕੀਤੀ ਜਾ ਰਹੀ ਹੈ । ਸੂਤਰਾਂ ਅਨੁਸਾਰ ਫਲਾਂ ਅਤੇ ਸਬਜ਼ੀਆਂ ’ਤੇ ਸਟਿੱਕਰ ਚਿਪਕਾਉਣ ਲਈ ਵਰਤੋਂ ਵਿੱਚ ਲਿਆਏ ਜਾਂਦੇ ਪਦਾਰਥਾਂ ਵਿੱਚ ਕਈ ਤਰਾਂ ਦੇ ਜ਼ਹਿਰੀਲੇ ਤੱਤ ਮੌਜੂਦ ਹੁੰਦੇ ਹਨ ਜਿਹੜੇ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ । ਕੁਝ ਸਮਾਂ ਪਹਿਲਾਂ ਇਸ ਸਬੰਧੀ ਫੂਡ ਸੇਫਟੀ ਕਮੀਸ਼ਨਰ ਦਫ਼ਤਰ,ਪੰਜਾਬ ਵੱਲੋਂ ਸੂੱਬੇ ਦੀ ਫੂਡ ਸੇਫਟੀ ਟੀਮਾਂ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਗਏ ਸੀ ਕਿ ਸੂਬੇ ਦੇ ਇਸ ਧੰਦੇ ਨਾਲ ਜੁੜੇ ਸਾਰੇ ਵਪਾਰੀਆਂ ਨੂੰ ਇਸ ਸਬੰਧੀ ਜਾਗਰੁਕ ਕੀਤਾ ਜਾਵੇ ਕਿ ਸਟਿੱਕਰਾਂ ਵਾਲੇ ਫਲ ਅਤੇ ਸਬਜ਼ੀਆਂ ਨੂੰ ਨਾ ਵੇਚਿਆ ਜਾਵੇ ਕਿਉਂਕਿ ਚਿਪਕਾਉਣ ਲਈ ਵਰਤੇ ਜਾਂਦੇ ਸਰਫੈਕਟੈਂਟਸ ਵਰਗੇ ਪਦਾਰਥਾਂ ਵਿੱਚ ਕਈ ਤਰ੍ਹਾਂ ਦੇ ਜ਼ਹਿਰੀਲੇ ਤੱਤ ਮੌਜ਼ੂਦ ਹੁੰਦੇ ਹਨ ਜਿਸ ਦਾ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ । ਇਸ ਸਬੰਧੀ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾ. ਸੁਭਾਸ਼ ਸ਼ਰਮਾ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।