ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 5 ਅਗਸਤ
ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਕਤਲ ਅਤੇ ਅਸਲਾ ਐਕਟ ਦੇ ਕੇਸਾਂ ਵਿੱਚ ਲੋੜੀਂਦੇ ਗੈਂਗਸਟਰ ਵਿਨੀਤ ਗਹਿਲੋਤ ਉਰਫ ਵਿੱਕੀ ਮਿੱਤਰਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵਿਨੀਤ ਗਹਿਲੋਤ ਪਿਛਲੇ 3 ਸਾਲਾਂ ਤੋਂ ਭਗੌੜਾ ਸੀ। ਪੁਲੀਸ ਵੱਲੋਂ ਕੀਤੀ ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮ ਦੇ ਕਬਜ਼ੇ ’ਚੋਂ ਸੱਤ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਉਹ ਕਈ ਰਾਜਾਂ ਦੀ ਪੁਲੀਸ ਨੂੰ ਲੋੜੀਂਦਾ ਸੀ ਅਤੇ ਹਰਿਆਣਾ ਅਤੇ ਯੂਪੀ ਪੁਲੀਸ ਦੁਆਰਾ ਉਸ ਦੀ ਗ੍ਰਿਫਤਾਰੀ ਲਈ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਆਗਾਮੀਂ ਸੁਤੰਤਰਤਾ ਦਿਵਸ ਸਮਾਗਮ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੰਸਪੈਕਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਇਕੱਠੀਆਂ ਕੀਤੀਆਂ ਗਈਆਂ ਅਹਿਮ ਜਾਣਕਾਰੀਆਂ ਦੇ ਆਧਾਰ ’ਤੇ ਗੈਂਗਸਟਰ ਵਿਨੀਤ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਪੁਲੀਸ ਅਨੁਸਾਰ ਗੈਂਗਸਟਰ ਵਿਨੀਤ ਗਹਿਲੋਤ ਉਰਫ ਵਿੱਕੀ ਪਿਛਲੇ ਸਮੇਂ ਕਤਲ ਅਤੇ ਆਰਮਜ਼ ਐਕਟ ਦੇ ਮਾਮਲਿਆਂ ਵਿੱਚ ਸ਼ਾਮਲ ਹੈ। ਪੁਲੀਸ ਅਨੁਸਾਰ ਉਹ ਮਨਜੀਤ ਮਾਹਲ ਗੈਂਗ ਨਾਲ ਸਬੰਧਤ ਹੈ ਜੋ ਕਿ ਐੱਨਸੀਆਰ ਖੇਤਰ ਵਿੱਚ ਕਤਲ, ਡਕੈਤੀ ਅਤੇ ਫਿਰੌਤੀ ਲਈ ਜਾਣਿਆ ਜਾਂਦਾ ਹੈ। ਉਸ ਦਾ ਵੱਡਾ ਭਰਾ ਅਸ਼ੋਕ ਗਹਿਲੋਤ ਵੀ ਖ਼ੌਫ਼ਨਾਕ ਗੈਂਗਸਟਰ ਹੈ ਅਤੇ ਇਸ ਵੇਲੇ ਮਕੋਕਾ ਐਕਟ ਤਹਿਤ ਮੰਡੋਲੀ ਜੇਲ੍ਹ ਵਿੱਚ ਬੰਦ ਹੈ ਕਿਉਂਕਿ ਉਸ ਖ਼ਿਲਾਫ਼ ਕਤਲ, ਫਿਰੌਤੀ ਅਤੇ ਅਸਲਾ ਐਕਟ ਦੇ ਕਰੀਬ 18 ਕੇਸ ਦਰਜ ਹਨ। ਪੁਲੀਸ ਨੇ ਗੈਂਗਸਟਰ ਵਿਨੀਤ ਗਹਿਲੋਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਪੁਲੀਸ ਨੇ ਆਸ ਪ੍ਰਗਟਾਈ ਹੈ ਕਿ ਗੈਂਗਸਟਰ ਤੋਂ ਪੁੱਛ-ਪੜਤਾਲ ਦੌਰਾਨ ਹੋਰਨਾਂ ਗੈਂਗਸਟਰਾਂ ਬਾਰੇ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ।