ਕਰਮਜੀਤ ਸਿੰਘ ਚਿੱਲਾ
ਬਨੂੜ, 7 ਅਗਸਤ
ਇਥੋਂ ਦੇ ਵਾਰਡ ਨੰਬਰ-4 ਦੀ ਬਾਜ਼ੀਗਰ ਬਸਤੀ ਨਾਲ ਬਣੀ ਹੋਈ ਸ੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਦੀਆਂ ਗਊਆਂ ਉੱਤੇ ‘ਲੰਪੀ ਸਕਿਨ’ ਨਾਮੀਂ ਬਿਮਾਰੀ ਨੇ ਵੱਡਾ ਹਮਲਾ ਬੋਲਿਆ ਹੈ। ਦੋ ਸੌ ਦੇ ਕਰੀਬ ਬੇਸਹਾਰਾ ਅਤੇ ਹੋਰ ਗਊਆਂ ਨੂੰ ਸਾਂਭ ਰਹੀ ਇਸ ਗਊਸ਼ਾਲਾ ਵਿੱਚ ਪਿਛਲੇ ਪੰਦਰਾਂ ਦਿਨਾਂ ਦੌਰਾਨ 30 ਤੋਂ ਵੱਧ ਗਊਆਂ ਦੀ ਮੌਤ ਹੋ ਚੁੱਕੀ ਹੈ। ਇੱਥੇ ਮੌਜੂਦ 160 ਦੇ ਕਰੀਬ ਗਊਆਂ ਵਿੱਚੋਂ 70 ਦੇ ਕਰੀਬ ਗਾਵਾਂ ਇਸ ਬਿਮਾਰੀ ਦੀ ਲਪੇਟ ਵਿੱਚ ਹਨ, ਜਿਨ੍ਹਾਂ ਵਿੱਚੋਂ 7 ਗਾਵਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ ਤੇ ਉਹ ਉੱਠਣ ਤੋਂ ਵੀ ਬੇਵੱਸ ਹਨ।
ਅੱਜ ਗਊਸ਼ਾਲਾ ਦਾ ਦੌਰਾ ਕਰਕੇ ਵੇਖਿਆ ਕਿ ਗਊਆਂ ਵੱਡੀ ਪੱਧਰ ਉੱਤੇ ਬਿਮਾਰੀ ਦੀ ਲਪੇਟ ਵਿੱਚ ਹਨ। ਗਊਸ਼ਾਲਾ ਦੇ ਪ੍ਰਬੰਧਕਾਂ ਵਿਸ਼ਵਜੀਤ ਗੋਗਾ ਥੱਮਣ, ਕਰਮ ਚੰਦ ਤੇ ਨਿਸ਼ੀ ਕਾਂਤ, ਨੇ ਦੱਸਿਆ ਕਿ ਪੰਦਰਾਂ-ਵੀਹ ਦਿਨਾਂ ਤੋਂ ਗਊਆਂ ਇਸ ਬਿਮਾਰੀ ਤੋਂ ਪੀੜਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਗਊਆਂ ਦੀ ਚਮੜੀ ਤੇ ਛੋਟੇ-ਛੋਟੇ ਥੱਫ਼ੜ ਪੈਂਦੇ ਹਨ, ਫਿਰ ਵੱਡੇ ਹੋ ਜਾਂਦੇ ਹਨ। ਚਮੜੀ ਖਰਾਬ ਹੋ ਜਾਂਦੀ ਹੈ, ਤੇਜ਼ ਬੁਖਾਰ ਹੁੰਦਾ ਹੈ ਤੇ ਮੌਤ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਮਰੀਆਂ ਗਊਆਂ ਵਿੱਚੋਂ 4 ਸੂਣ ਵਾਲੀਆਂ ਸਨ ਤੇ ਤਿੰਨ ਦੁਧਾਰੂ ਸਨ। ਉਨ੍ਹਾਂ ਦੱਸਿਆ ਕਿ ਆਪਣੇ ਤੌਰ ’ਤੇ ਹੀ ਗਊਆਂ ਦਾ ਇਲਾਜ ਕਰ ਰਹੇ ਹਨ ਤੇ ਪਸ਼ੂ ਪਾਲਣ ਵਿਭਾਗ ਨੇ ਗਊਸ਼ਾਲਾ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿਮਾਰੀ ਦੀ ਰੋਕਥਾਮ ਨਾ ਹੋਈ ਤਾਂ ਗਊਸ਼ਾਲਾ ਦੀਆਂ ਸਮੁੱਚੀਆਂ ਗਊਆਂ ਇਸ ਦੀ ਲਪੇਟ ਵਿੱਚ ਆ ਸਕਦੀਆਂ ਹਨ। ਗਊਸ਼ਾਲਾ ਦੇ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗਊਆਂ ਦੇ ਇਲਾਜ ਲਈ ਗੁਹਾਰ ਲਗਾਈ ਹੈ।
ਗਊਸ਼ਾਲਾ ਪ੍ਰਬੰਧਕਾਂ ਨੇ ਬਿਮਾਰੀ ਬਾਰੇ ਜਾਣਕਾਰੀ ਨਹੀਂ ਦਿੱਤੀ : ਵੈਟਰਨਰੀ ਅਫ਼ਸਰ
ਵੈਟਰਨਰੀ ਅਫ਼ਸਰ ਡਾ. ਮਨੀਸ਼ ਕੁਮਾਰ ਨੇ ਦੱਸਿਆ ਕਿ ਬਨੂੜ ਦੀ ਗਊਸ਼ਾਲਾ ਵਿੱਚ ਲੰਪੀ ਸਕਿਨ ਬਿਮਾਰੀ ਸਬੰਧੀ ਕਿਸੇ ਨੇ ਵੀ ਪਸ਼ੂ ਪਾਲਣ ਵਿਭਾਗ ਨੂੰ ਸੂਚਿਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਖਲੌਰ ਪਿੰਡ ਦੀ ਮਾਤ-ਪਿਤਾ ਗਊਧਾਮ ਦੀਆਂ ਦਰਜਨ ਦੇ ਕਰੀਬ ਗਊਆਂ ਉੱਤੇ ਬਿਮਾਰੀ ਦਾ ਹਮਲੇ ਸਬੰਧੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਸਾਰੀਆਂ ਗਊਆਂ ਠੀਕ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਗਊਸ਼ਾਲਾ ਬਨੂੜ ਵਿੱਚ ਜਾ ਕੇ ਗਊਆਂ ਦਾ ਇਲਾਜ ਆਰੰਭ ਕਰਨਗੇ।