ਕਰਮਜੀਤ ਸਿੰਘ ਚਿੱਲਾ
ਬਨੂੜ, 19 ਜੂਨ
ਸਿਹਤ ਵਿਭਾਗ ਵੱਲੋਂ ਪੇਂਡੂ ਟੋਭਿਆਂ ਵਿੱਚੋਂ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਗੰਬੂਜੀਆ ਮੱਛੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਵਿਭਾਗ ਵੱਲੋਂ ਪਟਿਆਲਾ ਵਿੱਚ ਇਨ੍ਹਾਂ ਮੱਛੀਆਂ ਦਾ ਬੀਜ ਤਿਆਰ ਕੀਤਾ ਜਾਂਦਾ ਹੈ। ਮੁੱਢਲਾ ਸਿਹਤ ਕੇਂਦਰ ਕਾਲੋਮਾਜਰਾ ਦੀ ਬੀਈਈ ਦਲਜੀਤ ਕੌਰ, ਸੈਨੇਟਰੀ ਇੰਸਪੈਕਟਰ ਨਰੇਸ਼ ਕੁਮਾਰ, ਸਿਹਤ ਵਰਕਰ ਯਾਦਵਿੰਦਰ ਸਿੰਘ ਅਤੇ ਕੁਲਵੰਤ ਸਿੰਘ ’ਤੇ ਆਧਾਰਿਤ ਟੀਮ ਨੇ ਅੱਜ ਪਿੰਡ ਕਾਲੋਮਾਜਰਾ, ਜਲਾਲਪੁਰ, ਖੇੜਾ ਗੱਜੂ, ਵਜ਼ੀਦਪੁਰ, ਲੇਹਲਾਂ ਅਤੇ ਉੜਦਣ ਦੇ ਟੋਭਿਆਂ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ। ਬੀਈਈ ਨੇ ਦੱਸਿਆ ਕਿ ਕਾਲੋਮਾਜਰਾ ਬਲਾਕ ਦੇ ਦੋ ਦਰਜਨ ਦੇ ਕਰੀਬ ਹੋਰ ਪੇਂਡੂ ਟੋਭਿਆਂ ਵਿੱਚ ਵੀ ਇਨ੍ਹਾਂ ਮੱਛੀਆਂ ਦਾ ਬੀਜ ਛੱਡਿਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਗਬੂੰਜੀਆ ਮੱਛੀਆਂ ਦਾ ਬਹੁਤ ਤੇਜ਼ੀ ਨਾਲ ਵਾਧਾ ਹੁੰਦਾ ਹੈ ਤੇ ਟੋਭਿਆਂ ਵਿੱਚੋਂ ਮੱਛਰਾਂ ਦੇ ਲਾਰਵੇ ਹੀ ਇਨ੍ਹਾਂ ਮੱਛੀਆਂ ਦੀ ਮੁੱਢਲੀ ਖੁਰਾਕ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਰ ਵਰ੍ਹੇ ਇਹ ਮੱਛੀਆਂ ਮੱਛਰ ਦੇ ਲਾਰਵੇ ਨੂੰ ਮੁਕਾ ਕੇ ਮਲੇਰੀਆ ਤੇ ਡੇਂਗੂ ਨੂੰ ਰੋਕਣ ਲਈ ਸਹਾਇਕ ਸਿੱਧ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਪਿੰਡਾਂ ਦੇ ਟੋਭਿਆਂ ਵਿੱਚ ਵੀ ਗੰਬੂਜੀਆ ਮੱਛੀਆਂ ਨੂੰ ਛੱਡਣ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ।