ਮੁਕੇਸ਼ ਕੁਮਾਰ
ਚੰਡੀਗੜ੍ਹ, 30 ਜਨਵਰੀ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਰੋਤ ਪੱਧਰ ਤੋਂ ਸੁੱਕਾ ਤੇ ਗਿੱਲਾ ਕੂੜਾ ਵੱਖਰਾ ਚੁੱਕਣ ਦੀ ਲਾਗੂ ਕੀਤੀ ਯੋਜਨਾ ਖ਼ਿਲਾਫ਼ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ। ਇਨ੍ਹਾਂ ਪ੍ਰਾਈਵੇਟ ਕਾਮਿਆਂ ਨੇ ਅੱਜ ਸੰਸਦ ਮੈਂਬਰ ਕਿਰਨ ਖੇਰ ਅਤੇ ਨਿਗਮ ਕੌਂਸਲਰ ਰਾਜੇਸ਼ ਕੁਮਾਰ ਕਾਲੀਆ ਦਾ ਪੁਤਲਾ ਸਾੜਿਆ। ਪਿਛਲੇ ਇਕ ਮਹੀਨੇ ਤੋਂ ਨਿਗਮ ਦੀ ਇਸ ਯੋਜਨਾ ਖ਼ਿਲਾਫ਼ ਨਿੱਤਰੇ ਗਾਰਬੇਜ ਕੁਲੈਕਟਰਾਂ ਦੀ ਮੰਗ ਹੈ ਨਿਗਮ ਵਲੋਂ ਸ਼ਹਿਰ ਵਿਚੋਂ ਸੁੱਕਾ ਤੇ ਗਿੱਲਾ ਕੂੜਾ ਇਕੱਤਰ ਕਰਨ ਲਈ ਉਨ੍ਹਾਂ ਦੀਆਂ ਹੀ ਸੇਵਾਵਾਂ ਲਈਆਂ ਜਾਣ ਅਤੇ ਨਗਰ ਨਿਗਮ ਵੱਲੋਂ ਆਪਣੇ ਵਾਹਨਾਂ ਰਾਹੀਂ ਕੂੜਾ ਇਕੱਤਰ ਕਰਨ ਦੀ ਯੋਜਨਾ ਨੂੰ ਰੱਦ ਕੀਤਾ ਜਾਵੇ।
ਇਸੇ ਦੌਰਾਨ ਸਰਬ ਭਾਰਤੀ ਮਜ਼ਦੂਰ ਸੰਗਠਨ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਲੋਹਟੀਆ ਨੇ ਦੱਸਿਆ ਕਿ ਕੂੜਾ ਇਕੱਤਰ ਕਰਨ ਵਾਲੇ ਕਾਮਿਆਂ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਅੰਦੋਲਨ ਕੀਤਾ ਜਾ ਰਿਹਾ ਹੈ ਪਰ ਨਿਗਮ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਬਾਰੇ ਹਾਂ-ਪੱਖੀ ਹੁੰਗਾਰਾ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਸ਼ਹਿਰ ਦੇ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਨੂੰ ਕਥਿਤ ਤੌਰ ’ਤੇ ਧੋਖੇ ਵਿੱਚ ਰੱਖ ਕੇ ਇਸ ਯੋਜਨਾ ਨੂੰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਿਛਲੇ ਕਈਂ ਦਸ਼ਕਾਂ ਤੋਂ ਘਰ-ਘਰ ਤੋਂ ਕੂੜਾ ਇਕੱਤਰ ਕਰਨ ਵਾਲੇ ਪ੍ਰਾਈਵੇਟ ਕਾਮਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਨਿਗਮ ਨੇ ਅਜਿਹੇ ਕਾਮਿਆਂ ਨੂੰ ਬੇਰੁਜ਼ਗਾਰੀ ਦੀ ਰਾਹ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਗਾਰਬੇਜ ਕੁਲੈਕਟਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਰਾਹੀਂ ਹੀ ਸ਼ਹਿਰ ਵਿੱਚ ਸੁੱਕਾ ਤੇ ਗਿੱਲਾ ਕੂੜਾ ਇਕੱਤਰ ਕਰਵਾਇਆ ਜਾਵੇ।