ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 11 ਜਨਵਰੀ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਰੋਤ ਪੱਧਰ ਤੋਂ ਸੁੱਕਾ ਤੇ ਗਿੱਲਾ ਕੂੜਾ ਵੱਖਰਾ ਵੱਖਰਾ ਇਕੱਤਰ ਕਰਨ ਲਈ ਲਾਗੂ ਕੀਤੀ ਗਈ ਯੋਜਨਾਂ ਦੇ ਵਿਰੋਧ ਸ਼ਹਿਰ ਦੇ ਨਿੱਜੀ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਵੱਲੋਂ ਪਿਛਲੇ 12 ਦਿਨਾਂ ਤੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਤਹਿਤ ਅੱਜ ਸ਼ਹਿਰ ਦੇ ਘਰ-ਘਰ ਤੋਂ ਕੂੜਾ ਇਕੱਤਰ ਕਰਨ ਵਾਲੇ ਕਾਮਿਆਂ ਨੇ ਇਥੇ ਸੈਕਟਰ 17 ਸਥਿਤ ਨਗਰ ਨਿਗਮ ਭਵਨ ਸਹਿਮੇਂ ਲੜੀਵਾਰ ਭੁੱਖ ਹੜਤਾਲ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਕੂੜਾ ਚੁੱਕਣ ਵਾਲੇ ਕਾਮਿਆਂ ਨੇ ਅੱਜ ਇਥੇ ਸੈਕਟਰ-17 ਪਲਾਜ਼ਾ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਤੇ ਹੋਰ ਜਥਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਵੀ ਹਿੱਸਾ ਲਿਆ। ਸਰਬ ਭਾਰਤੀ ਮਜ਼ਦੂਰ ਸੰਗਠਨ ਚੰਡੀਗੜ੍ਹ ਦੇ ਪ੍ਰਧਾਨ ਸਮਸ਼ੇਰ ਸਿੰਘ ਲੋਹਟੀਆ ਨੇ ਕਿਹਾ ਕਿ ਆਪਣੀਆਂ ਮੰਗਾ ਨੂੰ ਲੈ ਕੇ ਗਾਰਬੇਜ ਕੁਲੈਕਟਰ ਸ਼ਿਹਰ ਦੇ ਵੱਖ ਵੱਖ ਸੈਕਟਰਾਂ ਵਿੱਚ ਪੈਦਲ ਮਾਰਚ ਕਰਕੇ ਉਥੋਂ ਦੇ ਨਿਵਾਸੀਆਂ ਦਾ ਸਮਰਥਨ ਮੰਗ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਇਥੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਕੀਤੇ ਗਏ ਪੈਦਲ ਮਾਰਚ ਕਾਰਨ ਡੋਰ ਟੂ ਡੋਰ ਗਾਰਬੇਜ ਕੁਲੈਕਟਰਾਂ ਨੇ ਆਪਣੇ ਮਿਥੇ ਗਏ ਅੱਜ ਦੇ ਪ੍ਰੋਗਰਾਮ ਅਨੁਸਾਰ ਸੈਕਟਰ 23 ਵਿੱਚ ਪੈਦਲ ਮਾਰਚ ਨਹੀਂ ਕੀਤਾ। ਹੁਣ ਇਹ ਪੈਦਲ ਮਾਰਚ ਕਲ ਮੰਗਲਵਾਰ ਦੁਪਿਹਰ ਨੂੰ ਕੀਤਾ ਜਾਵੇਗਾ ਅਤੇ ਸੈਕਟਰ ਵਾਸੀਆਂ ਦਾ ਸਮਰਥਨ ਮੰਗਿਆ ਜਾਵੇਗਾ।