ਚੰਡੀਗੜ੍ਹ (ਮੁਕੇਸ਼ ਕੁਮਾਰ): ਨਗਰ ਨਿਗਮ ਦੀ ਅੱਜ ਮੀਟਿੰਗ ਦੌਰਾਨ ਸ਼ਹਿਰ ਵਿੱਚ ਕੂੜੇ ਦੇ ਨਿਪਟਾਰੇ ਲਈ ਕੋਈ ਠੋਸ ਹੱਲ ਨਹੀਂ ਨਿਕਲਿਆ। ਡੱਡੂਮਾਜਰਾ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਫ਼ਿਲਹਾਲ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੀਟਿੰਗ ਦੌਰਾਨ ਸ਼ਹਿਰ ’ਚ ਕੂੜਾ ਪ੍ਰਾਸੈਸਿੰਗ ਪਲਾਂਟ ਨੂੰ ਲੈ ਕੇ ਨਿਗਮ ਅਧਿਕਾਰੀਆਂ ਅਤੇ ਕੌਂਸਲਰਾਂ ਵੱਲੋਂ ਦਿੱਲੀ ਅਤੇ ਅੰਬਾਲਾ ਦੇ ਕੀਤੇ ਦੌਰੇ ਦੀ ਰਿਪੋਰਟ ਨਿਗਮ ਹਾਊਸ ਵਿੱਚ ਰੱਖੀ ਗਈ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਮੀਟਿੰਗ ਦੌਰਾਨ ਸਾਲਾਨਾ ‘ਗੁਲਦਾਉਦੀ ਸ਼ੋਅ’ ਬਾਰੇ ਵੀ ਚਰਚਾ ਹੋਈ। ਨਿਗਮ ਕਮਿਸ਼ਨਰ ਨੇ ਬਾਗ਼ਬਾਨੀ ਵਿਭਾਗ ਨੂੰ ਸ਼ੋਅ ਦੀਆਂ ਤਿਆਰੀਆਂ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੰਤਿਮ ਫ਼ੈਸਲਾ ਹਾਲਾਤ ਅਨੁਸਾਰ ਲਿਆ ਜਾਵੇਗਾ। ਮੀਟਿੰਗ ਦੌਰਾਨ ਨਿਗਮ ਹਾਊਸ ਨੇ ਮਨੀਮਾਜਰਾ ਵਿੱਚ ਲੱਗਣ ਵਾਲੇ ਹਫ਼ਤਾਬਾਰੀ ਕਾਰ ਬਾਜ਼ਾਰ ਦੇ ਡੀਲਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੌਂਸਲਰ ਮੌਦਗਿਲ ਨੇ ਕਿਹਾ ਕਿ ਪੁਰਾਣੀਆਂ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਡੀਲਰ ਲਗਪਗ ਪਿਛਲੇ ਡੇਢ ਸਾਲ ਤੋਂ ਬੇਰੁਜ਼ਗਾਰ ਬੈਠੇ ਹਨ ਤੇ ਕਾਰ ਬਾਜ਼ਾਰ ਦੀ ਫੀਸ ਅੱਧੀ ਕੀਤੀ ਜਾਵੇ। ਕੌਂਸਲਰ ਅਰੁਣ ਸੂਦ ਨੇ ਵੀ ਇਸ ਦਾ ਸਮਰਥਨ ਕੀਤਾ। ਨਿਗਮ ਹਾਊਸ ਨੇ ਡੀਲਰਾਂ ਨੂੰ ਸਤੰਬਰ ਤੱਕ ਰਾਹਤ ਦਿੰਦਿਆਂ ਹੋਏ ਫੀਸ 8260 ਰੁਪਏ ਤੋਂ ਘਟਾ ਕੇ 4100 ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ।