ਪੱਤਰ ਪ੍ਰੇਰਕ
ਪੰਚਕੂਲਾ, 30 ਅਕਤੂਬਰ
ਹਰਿਆਣਾ ਟੂਰਿਜ਼ਮ ਦੇ ਯਾਦਵਿੰਦਰਾ ਗਾਰਡਨ ਬਾਹਰ ਕੂੜੇ ਦੇ ਢੇਰ ਲੱਗ ਗਏ ਹਨ। ਗਾਰਡਨ ਵੇਖਣ ਆਏ ਸੈਲਾਨੀ ਆਪਣਾ ਮੂੰਹ ਨੱਕ ਢੱਕ ਕੇ ਗਾਰਡਨ ਅੰਦਰ ਜਾ ਰਹੇ ਹਨ। ਇਹ ਸਭ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਹੋ ਰਿਹਾ ਹੈ। ਗਾਰਡਨ ਦੇ ਬਾਹਰ ਲੱਗੇ ਕੂੜੇ ਦੇ ਢੇਰ ਕਾਰਨ ਆਸਪਾਸ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਤੇ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੱਧ ਰਿਹਾ ਹੈ। ਸਫ਼ਾਈ ਸੇਵਕਾਂ ਨੇ ਪਿੰਜੌਰ ਕਾਲਕਾ ਵਿੱਚ ਝਾੜੂ ਚੱਕ ਕੇ ਰੈਲੀ ਕੀਤੀ। ਸਫ਼ਾਈ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਠੇਕੇਦਾਰਾਂ ਵੱਲੋਂ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਸਫ਼ਾਈ ਸੇਵਕਾਂ ਨੇ ਈਐੱਸਆਈ ਅਤੇ ਈਪੀਐੱਫ ਦਾ ਲਾਭ ਦੇਣ ਦੀ ਮੰਗ ਕੀਤੀ ਹੈ।
ਮੁੱਖ ਸਕੱਤਰ ਵੱਲੋਂ ਸਫ਼ਾਈ ਸੇਵਕਾਂ ਨੂੰ ਕੰਮ ’ਤੇ ਵਾਪਸ ਆਉਣ ਦੀ ਅਪੀਲ
ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਨਗਰ ਨਿਗਮਾਂ ਵਿਚ ਹੜਤਾਲ ’ਤੇ ਗਏ ਸਫ਼ਾਈ ਕਰਮਚਾਰੀਆਂ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੰਮ ’ਤੇ ਵਾਪਸ ਆਉਣ। ਸਰਕਾਰ ਨੇ ਸਮੇਂ-ਸਮੇਂ ’ਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮੰਨਿਆ ਹੈ।