ਮਿਹਰ ਸਿੰਘ
ਕੁਰਾਲੀ, 9 ਜੁਲਾਈ
ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਣਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਫਸਲਾਂ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਅਤੇ ਖਾਦਾਂ ਦੀ ਸੰਤੁਲਤ ਵਰਤੋਂ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇੜੀਬਾੜੀ ਅਫਸਰ ਡਾ. ਗੁਰਬਚਨ ਸਿੰਘ ਦੀ ਦੇਖਰੇਖ ਹੇਠ ਟੀਮ ਵੱਲੋਂ ਕੁਰਾਲੀ ਬਲਾਕ ਅਧੀਨ ਆਉਂਦੇ ਪਿੰਡਾਂ ਦਾ ਦੌਰਾ ਕੀਤਾ ਗਿਆ।
ਵਿਭਾਗ ਦੀ ਟੀਮ ਨੇ ਨੇੜਲੇ ਪਿੰਡ ਦੁਸਾਰਨਾ ਵਿਚ ਗੰਨਾ, ਮੱਕੀ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਫਸਲ ਦਾ ਨਿਰੀਖਣ ਕੀਤਾ। ਇਸ ਮੌਕੇ ਗੰਨੇ ਦੀ ਫਸਲ ਦਾ ਸਰਵੇਖਣ ਕਰਦੇ ਹੋਏ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਗੰਨੇ ਦੀ ਫਸਲ ’ਤੇ ਗੜੂੰਏ ਦਾ ਹਮਲਾ ਵੇਖਿਆ ਗਿਆ ਹੈ। ਇਹ ਕੀੜਾ ਮਾਰਚ ਤੋਂ ਅਕਤੂਬਰ ਤੱਕ ਹਮਲਾ ਕਰਦਾ ਹੈ ਤੇ ਜੁਲਾਈ-ਅਗਸਤ ਦੌਰਾਨ ਬਹੁਤ ਹਾਨੀਕਾਰਕ ਹੁੰਦਾ ਹੈ। ਇਸ ਦੇ ਹਮਲੇ ਕਾਰਨ ਗੰਨੇ ਦੇ ਸਿਰੇ ਤੋਂ ਗੋਭ ਵਾਲਾ ਪੱਤਾ ਸੁੱਕ ਜਾਂਦਾ ਹੈ ਅਤੇ ਇਹ ਕੀੜਾ ਆਗ ਵਿੱਚ ਮੋਰੀਆਂ ਕਰ ਦਿੰਦਾ ਹੈ। ਇਸ ਦੀ ਰੋਕਥਾਮ ਲਈ ਹਮਲੇ ਵਾਲੇ ਪੜਸੂਏ ਅਪਰੈਲ ਤੇ ਜੂਨ ਦੌਰਾਨ ਕੱਟ ਦਿੱਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਟਰਾਈਕੋਗਰਾਮਾ ਜਪੋਨੀਕਮ (ਮਿੱਤਰ ਕੀੜੇ) ਦੇ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉਪਰ ਤਕਰੀਬਨ 500 ਆਂਡੇ ਹੋਣ ਅਤੇ ਇਨ੍ਹਾਂ ਹਿੱਸਿਆਂ ਨੂੰ ਪੱਤਿਆ ਦੇ ਹੇਠਲੇ ਪਾਸੇ ਇਕ ਏਕੜ ਵਿੱਚ ਬਰਾਬਰ ਦੂਰੀ ’ਤੇ 40 ਥਾਵਾਂ ’ਤੇ ਨੱਥੀ ਕੀਤਾ ਜਾਵੇ। ਇਹ ਕਾਰਡ ਕੀਟ ਵਿਗਿਆਨ ਵਿਭਾਗ ਪੀਏਯੂ ਲੁਧਿਆਣਾ, ਖੇਤਰੀ ਖੋਜ ਕੇਂਦਰਾਂ ਵਿੱਚ ਵੀ ਮਿਲ ਸਕਦੇ ਹਨ।
ਕੀਟਨਾਸ਼ਕ ਦੀ ਵਰਤੋਂ ਸਬੰਧੀ ਹਦਾਇਤਾਂ ਦਿੱਤੀਆਂ
ਡਾ. ਗੁਰਬਚਨ ਨੇ ਦੱਸਿਆ ਕਿ ਕੀੜੇ ਦੀ ਰੋਕਥਾਮ ਜੂਨ ਦੇ ਆਖਰੀ ਹਫਤੇ ਜਾਂ ਜੁਲਾਈ ਦੇ ਪਹਿਲੇ ਹਫਤੇ (ਜੇਕਰ ਹਮਲਾ 5 ਫੀਸਦ ਤੋਂ ਵੱਧ ਹੋਵੇ) ਪ੍ਰਤੀ ਏਕੜ ਦੇ ਹਿਸਾਬ 10 ਕਿਲੋ ਫਰਟੇਰਾ 0.4 ਜੀਆਰ ਜਾਂ 12 ਕਿਲੋ ਫਿਊਰਾਡਾਨ/ਫਿਊਰੀ 3ਜੀ ਦੇ ਕੈਪਸੂਲ ਨੂੰ ਸ਼ਾਖਾ ਦੇ ਮੁੱਢਾਂ ਨੇੜੇ ਪਾਇਆ ਜਾਵੇ ਤੇ ਮੁੱਢਾਂ ਨੂੰ ਹਲਕੀ ਮਿੱਟੀ ਚਾੜ੍ਹ ਕੇ ਖੇਤ ਨੂੰ ਪਾਣੀ ਲਗਾ ਦਿੱਤਾ ਜਾਵੇ। ਇਸ ਨੂੰ ਵਰਤਣ ਸਮੇਂ ਰਬੜ ਦੇ ਦਸਤਾਨੇ ਪਹਿਨੇ ਜਾਣ ਅਤੇ ਕੀਟਨਾਸ਼ਕ ਦੀ ਧੂੜਾ ਨਾ ਉੱਡਣ ਦਿੱਤੀ ਜਾਵੇ। ਇਸ ਖੇਤ ਦੇ ਡੇਟ ਮਹੀਨੇ ਤੱਕ ਆਗ, ਘਾਹ ਆਦਿ ਕੱਟ ਕੇ ਪਸ਼ੂਆਂ ਨੂੰ ਨਹੀਂ ਪਾਉਣੇ ਚਾਹੀਦੇ।