ਸੁਖਵਿੰਦਰਪਾਲ ਸੋਢੀ
ਚੰਡੀਗੜ੍ਹ, 25 ਫਰਵਰੀ
ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੀਆਂ ਤੇਲ ਕੀਮਤਾਂ ਵਿਰੁੱਧ ਅੱਜ ਇੱਥੇ ਸੈਕਟਰ 12 ਸਥਿਤ ਪੰਜਾਬ ਇੰਜਨੀਅਰਿੰਗ ਕਾਲਜ ਦੇ ਵਰਕਰਾਂ ਵੱਲੋਂ ਇੰਡੀਆ ਸੈਂਟਰਲ ਕਾਊਂਸਿਲ ਆਫ ਟਰੇਡ ਯੂਨੀਅਨ (ਏਕਟੂ) ਦੇ ਬੈਨਰ ਹੇਠ ਕੇਂਦਰ ਵਿਚਲੀ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈਆਂ ਵਿਦਿਆਰਥੀ ਜਥੇਬੰਦੀਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ), ਰੈਵੋਲਿਯੂਸ਼ਨਰੀ ਯੂਥ ਐਸੋਸੀਏਸ਼ਨ (ਆਰ.ਵਾਈ.ਏ.), ਏ.ਆਈ.ਸੀ.ਸੀ.ਟੀ.ਯੂ. ਦੇ ਮੈਂਬਰਾਂ ਸਮੇਤ ਸਾਰਿਆਂ ਵੱਲੋਂ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਤੇਲ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿੱਚ ਲਗਾਤਾਰ ਡੀਜ਼ਲ, ਪੈਟ੍ਰੋਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਦੇ ਵਾਧੇ ਦੇ ਨਾਲ ਹੀ ਪਾਣੀ ਬਿਲਾਂ ਦੇ ਵਧੇ ਰੇਟਾਂ ਦਾ ਵੀ ਵਿਰੋਧ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਏਕਟੂ ਦੇ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿੱਚ ਪਾਣੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਦ ਕਿ ਵਰਕਰਾਂ ਦੀਆਂ ਤਨਖਾਹਾਂ ਵਧਾਈਆਂ ਨਹੀਂ ਜਾ ਰਹੀਆਂ। ਚੰਡੀਗੜ੍ਹ ਵਰਗੇ ਮਹਿੰਗੇ ਸ਼ਹਿਰ ਵਿੱਚ ਘੱਟੋ-ਘੱਟ ਮਜ਼ਦੂਰੀ 10,500/- ਰੁਪਏ ਪ੍ਰਤੀ ਮਹੀਨਾ ਹੈ ਜਿਸ ਨਾਲ ਈ.ਪੀ.ਐੱਫ. ਅਤੇ ਈ.ਐੱਸ.ਆਈ. ਕੱਟ ਕੇ ਲਗਭਗ 9 ਹਜ਼ਾਰ ਵਰਕਰ ਦੀ ਜੇਬ ਵਿੱਚ ਆਉਂਦੇ ਹਨ। ਆਈਸਾ ਦੇ ਪ੍ਰਧਾਨ ਅਮਨ ਰਤੀਆ ਨੇ ਕਿਹਾ ਕਿ ਇਹ ਸਰਕਾਰ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਨਾਲ ਲਗਾਤਾਰ ਸ਼ੋਸ਼ਣ ਕਰ ਰਹੀ ਹੈ। ਇਸ ਤੋਂ ਇਲਾਵਾ ਕਰੀਬ 3 ਹਜ਼ਾਰ ਕਰੋੜ ਰੁਪਏ ਦੇ ਮੁਨਾਫ਼ੇ ਵਿੱਚ ਚੱਲ ਰਹੇ ਬਿਜਲੀ ਵਿਭਾਗ ਦਾ ਨਿੱਜੀਕਰਨ ਕਰਕੇ ਰੁਜ਼ਗਾਰ ਦੇ ਵਸੀਲੇ ਖ਼ਤਮ ਕੀਤੇ ਜਾ ਰਹੇ ਹਨ। ਛੋਟੇ ਫਲੈਟਾਂ ਉਤੇ ਲੇਟ ਕਿਸ਼ਤ ਜਮ੍ਹਾਂ ਕਰਵਾਉਣ ’ਤੇ ਮੋਟੇ ਜੁਰਮਾਨੇ ਕੀਤੇ ਜਾ ਰਹੇ ਹਨ ਜੋ ਬਹੁਤ ਹੀ ਨਿਗੂਣੀਆਂ ਤਨਖਾਹਾਂ ਵਾਲੇ ਵਰਕਰਾਂ ਦੇ ਲਈ ਗੰਭੀਰ ਚਿੰਤਾ ਖੜ੍ਹੀ ਰੱਖਦਾ ਹੈ। ਵਿਦਿਆਰਥੀ ਆਗੂ ਰਜਤ ਨੇ ਕਿਹਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਜਿਸ ਨਾਲ ਆਮ ਲੋਕਾਂ ’ਤੇ ਆਰਥਿਕ ਮਾਰ ਪੈ ਰਹੀ ਹੈ।
ਸਿੱਖਿਆ ਵਿਭਾਗ ਵੱਲੋਂ 86 ਅਧਿਆਪਕਾਂ ਦੀ ਤਰੱਕੀ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ 86 ਅਧਿਆਪਕਾਂ ਦੀ ਤਰੱਕੀ ਦੇ ਕੇ ਲੈਕਚਰਾਰ ਬਣਾ ਦਿੱਤਾ ਹੈ। ਇਸ ਸਬੰਧੀ ਫੈਸਲਾ ਡਿਪਾਰਟਮੈਂਟ ਪ੍ਰਮੋਸ਼ਨ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਅਧਿਆਪਕਾਂ ਦੀ ਤਰੱਕੀ ਦਾ ਮਾਮਲਾ ਉਚ ਅਧਿਕਾਰੀਆਂ ਕੋਲ ਚੁੱਕਿਆ ਸੀ। ਉਨ੍ਹਾਂ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਦਾ ਤਰੱਕੀਆਂ ਕਰਨ ’ਤੇ ਧੰਨਵਾਦ ਕੀਤਾ।