ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 11 ਜੁਲਾਈ
ਮੁਹਾਲੀ-ਬਲੌਂਗੀ ਦੀ ਹੱਦ ’ਤੇ ਬਾਲ ਗੋਪਾਲ ਗਊਸ਼ਾਲਾ ਨੂੰ ਲੀਜ਼ ’ਤੇ ਦਿੱਤੀ ਬਹੁ-ਕਰੋੜੀ ਜ਼ਮੀਨ ਦਾ ਮਾਮਲਾ ਭਖ ਗਿਆ ਹੈ। ਅੱਜ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਨੂੰ ਲੋਕਾਂ ਦੇ ਵਿਰੋਧ ਕਾਰਨ ਬੇਰੰਗ ਵਾਪਸ ਮੁੜਨਾ ਪਿਆ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਨੇ ਦੋ ਸਾਲ ਪਹਿਲਾਂ ਕਾਂਗਰਸ ਵਜ਼ਾਰਤ ਸਮੇਂ ਬਲੌਂਗੀ ਦੀ 10 ਏਕੜ 4 ਕਨਾਲ ਸ਼ਾਮਲਾਤ ਜ਼ਮੀਨ ਲੀਜ਼ ’ਤੇ ਲੈ ਕੇ ਗਊਸ਼ਾਲਾ ਬਣਾਈ ਸੀ ਅਤੇ ਇੱਥੇ ਹੁਣ 500 ਤੋਂ ਵੱਧ ਲਾਵਾਰਿਸ ਪਸ਼ੂ ਹਨ।
ਮੁਹਾਲੀ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਪੁਲੀਸ ਬਲ ਨਾਲ ਕਬਜ਼ਾ ਲੈਣ ਪਹੁੰਚ ਗਏ। ਜਿਵੇਂ ਹੀ ਪੁਲੀਸ ਮੁਲਾਜ਼ਮਾਂ ਨੇ ਗਊਸ਼ਾਲਾ ਦਾ ਗੇਟ ਖੋਲ੍ਹਣ ਦਾ ਯਤਨ ਕੀਤਾ ਤਾਂ ਸਥਿਤੀ ਤਣਾਅਪੂਰਨ ਹੋ ਗਈ। ਉਧਰ, ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਉਹ ਗਊਸ਼ਾਲਾ ਜ਼ਮੀਨ ਦਾ ਕਬਜ਼ਾ ਲੈਣ ਨਹੀਂ ਆਏ ਬਲਕਿ ਮੌਕੇ ਦਾ ਜਾਇਜ਼ਾ ਲੈਣ ਆਏ ਸਨ ਤਾਂ ਜੋ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾ ਸਕੇ। ਸਰਕਾਰ ਲੀਜ਼ ਰੱਦ ਕਰਨ ਦਾ ਕਾਰਨ ਪੰਚਾਇਤ ਖਾਤੇ ਵਿੱਚ ਪੈਸੇ ਜਮ੍ਹਾਂ ਨਾ ਕਰਵਾਉਣਾ ਦੱਸ ਰਹੀ ਹੈ ਜਦੋਂਕਿ ਸਿੱਧੂ ਦਾ ਕਹਿਣਾ ਹੈ ਕਿ ਲੀਜ਼ ਦੇ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਗਊਸ਼ਾਲਾ ਜ਼ਮੀਨ ਦੀ ਲੀਜ਼ ਰੱਦ ਕੀਤੀ ਹੈ। ਉਨ੍ਹਾਂ ਪੁਲੀਸ ਅਫ਼ਸਰਾਂ ਨੂੰ ਕਿਹਾ ਕਿ ਉਹ ਧੱਕੇਸ਼ਾਹੀ ਨਾ ਕਰਨ, ਜੇਕਰ ਉਨ੍ਹਾਂ ਕੋਲ ਜ਼ਮੀਨ ਦਾ ਕਬਜ਼ਾ ਲੈਣ ਸਬੰਧੀ ਸਰਕਾਰੀ ਜਾਂ ਅਦਾਲਤੀ ਹੁਕਮ ਹਨ ਤਾਂ ਉਸ ਦੀ ਕਾਪੀ ਦਿਖਾਉਣ, ਵਰਨਾ ਉਹ ਗਊਸ਼ਾਲਾ ਵਿੱਚ ਦਾਖ਼ਲ ਨਹੀਂ ਹੋਣ ਦੇਣਗੇ। ਉਧਰ, ਸ੍ਰੀ ਸਿੱਧੂ ਨੇ ਸਰਕਾਰ ਦੇ ਹੁਕਮਾਂ ਖ਼ਿਲਾਫ਼ ਅਦਾਲਤ ਦਾ ਬੂਹਾ ਖੜਕਾਇਆ ਹੈ।
ਇਸ ਸਬੰਧੀ ਸਰਕਾਰ ਜਾਂ ਪੰਚਾਇਤ ਵੱਲੋਂ ਕੋਈ ਨੋਟਿਸ ਨਹੀਂ ਦਿੱਤਾ ਗਿਆ ਜਦੋਂਕਿ ਲੀਜ਼ ਡੀਡ ਦੇ ਮੁਤਾਬਕ ਜ਼ਮੀਨ ਖਾਲੀ ਕਰਵਾਉਣ ਲਈ 6 ਮਹੀਨੇ ਦਾ ਨੋਟਿਸ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਲੀਜ਼ 10 ਏਕੜ 4 ਕਨਾਲ ਦੀ ਹੈ ਪ੍ਰੰਤੂ ਉਨ੍ਹਾਂ ਨੂੰ ਸਿਰਫ਼ 5 ਏਕੜ ਜ਼ਮੀਨ ਦਾ ਕਬਜ਼ਾ ਦਿੱਤਾ ਗਿਆ ਹੈ ਜਦੋਂਕਿ ਸਰਕਾਰ ਪੈਸੇ ਪੂਰੀ ਜ਼ਮੀਨ ਦੇ ਲੈ ਰਹੀ ਹੈ। ਉਧਰ, ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਿਰਫ਼ ਗਊਸ਼ਾਲਾ ਜ਼ਮੀਨ ਦਾ ਮੁਆਇਨਾ ਕੀਤਾ ਗਿਆ, ਉਪਰੰਤ ਉਹ ਉੱਥੋਂ ਚਲੇ ਗਏ।
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲੀਸ ਗਊਸ਼ਾਲਾ ਜ਼ਮੀਨ ਲੈਣ ਨਹੀਂ ਸੀ ਗਈ ਬਲਕਿ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਸਰਕਾਰ ਨੂੰ ਰਿਪੋਰਟ ਭੇਜੀ ਜਾਣੀ ਸੀ। ਬਲਬੀਰ ਸਿੱਧੂ ਵੱਲੋਂ ਸਿਆਸੀ ਬਦਲਾਖੋਰੀ ਦੇ ਲਗਾਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਲੀਜ਼ ਰੱਦ ਕਰਨ ਦੀ ਕਾਰਵਾਈ ਸਰਕਾਰੀ ਨੇਮਾਂ ਮੁਤਾਬਕ ਕੀਤੀ ਗਈ ਹੈ।