ਹਰਜੀਤ ਸਿੰਘ
ਜ਼ੀਰਕਪੁਰ, 27 ਸਤੰਬਰ
ਇੱਥੋਂ ਫ਼ਰਾਰ ਚੱਲ ਰਹੇ ਜੀਬੀਪੀ ਗਰੁੱਪ ਦੇ ਬਿਲਡਰ ਸਤੀਸ਼ ਗੁਪਤਾ ਵੱਲੋਂ ਅੱਜ ਇਕ ਵੀਡੀਓ ਜਾਰੀ ਕਰ ਕੇ ਆਪਣੇ ਨਿਵੇਸ਼ਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੰਘੇ ਸਮੇਂ ਵਿਚ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦਾ ਕਾਰੋਬਾਰ ਲੀਹ ਤੋਂ ਲੱਥ ਗਿਆ ਸੀ।
ਇਸ ਦੌਰਾਨ ਇਕ ਵੱਡੀ ਕੰਪਨੀ ਨਾਲ ਸਮਝੌਤਾ ਹੋਇਆ ਸੀ ਪਰ ਸਾਰਾ ਸੌਦਾ ਪੱਕਾ ਹੋਣ ਮਗਰੋਂ ਕੰਪਨੀ ਐਨ ਮੌਕੇ ਫੰਡ ਜਾਰੀ ਕਰਨ ਤੋਂ ਮੁਕਰ ਗਈ, ਜਿਸ ਕਾਰਨ ਕੰਮ ਹੋਰ ਖ਼ਰਾਬ ਹੋ ਗਿਆ। ਉਨ੍ਹਾਂ ਨਿਵੇਸ਼ਕਾਂ ਨੂੰ ਕਿਹਾ ਕਿ ਉਹ ਘਬਰਾਊਣ ਨਾ। ਉਨ੍ਹਾਂ ਕਿਹਾ, ‘‘ਅਸੀਂ ਕੋਈ ਫ਼ਰਾਰ ਨਹੀਂ ਹੋਏ ਹਾਂ ਸਗੋਂ ਫੰਡਾਂ ਦਾ ਪ੍ਰਬੰਧ ਕਰਨ ਲਈ ਵਿਦੇਸ਼ ਆਏ ਹੋਏ ਹਾਂ। ਮਗਰੋਂ ਗਲਤ ਅਫਵਾਹ ਉੱਡ ਗਈ ਹੈ ਕਿ ਅਸੀਂ ਫ਼ਰਾਰ ਹੋ ਗਏ ਹਾਂ।’’
ਉਨ੍ਹਾਂ ਕਿਹਾ ਕਿ ਕੰਪਨੀ ਦੇ ਮੁਲਾਜ਼ਮ ਪਹਿਲਾਂ ਵਾਂਗ ਹੀ ਦਫ਼ਤਰ ਖੋਲ੍ਹਦੇ ਰਹਿਣਗੇ। ਉਨ੍ਹਾਂ ਆਪਣੀ ਕੰਪਨੀ ਦੇ ਇਕ ਅਧਿਕਾਰੀ ਸੰਦੀਪ ਬਾਂਸਲ ਦਾ ਨਾਂ ਲੈ ਕੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਸਾਰੀ ਟੀਮ ਨਿਵੇਸ਼ਕਾਂ ਨਾਲ ਰਾਬਤਾ ਕਾਇਮ ਕਰ ਕੇ ਸਮੱਸਿਆ ਦਾ ਹੱਲ ਕਰੇਗੀ।
ਉਨ੍ਹਾਂ ਕਿਹਾ ਕਿ ਕੋਈ ਵੀ ਨਿਵੇਸ਼ਕ ਕਦੇ ਵੀ ਉਨ੍ਹਾਂ ਨਾਲ ਗੱਲ ਕਰ ਸਕਦਾ ਹੈ ਅਤੇ ਉਹ ਖੁਦ ਵੀ ਸਾਰਿਆਂ ਨਾਲ ਰਾਬਤਾ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਕੰਪਨੀ ਨੇ ਜੋ ਵੀ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਜ਼ਰੂਰ ਪੂਰਾ ਕੀਤਾ ਜਾਏਗਾ। ਇਸ ਦੌਰਾਨ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਜ਼ੀਰਕਪੁਰ ਵਿਚ ਹਾਜ਼ਰ ਕੰਪਨੀ ਦੇ ਸਟਾਫ਼ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਦੂਜੇ ਪਾਸੇ ਬਿਲਡਰ ਵੱਲੋਂ ਕੰਪਨੀ ਦੇ ਜਿਸ ਅਧਿਕਾਰੀ ਸੰਦੀਪ ਬਾਂਸਲ ਦਾ ਨਾਂ ਲਿਆ ਗਿਆ ਹੈ, ਨੇ ਕਿਹਾ ਕਿ ਉਹ ਕੰਪਨੀ ਵਿੱਚ ਬਤੌਰ ਜਨਰਲ ਮੈਨੇਜਰ ਕੰਮ ਕਰਦਾ ਸੀ ਪਰ ਲੰਘੇ ਨੌਂ ਮਹੀਨਿਆਂ ਤੋਂ ਉਹ ਬਿਨਾ ਤਨਖ਼ਾਹ ਤੋਂ ਕੰਮ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਸਮੇਂ ਪਹਿਲਾਂ ਹੀ ਆਪਣੀ ਨੌਕਰੀ ਛੱਡ ਗਿਆ ਹੈ ਤੇ ਉਹ ਕੰਪਨੀ ਦੀ ਕਿਸੇ ਵੀ ਦੇਣਦਾਰੀ ਲਈ ਜਵਾਬਦੇਹ ਨਹੀਂ ਹੈ।
ਉੱਧਰ, ਨਿਵੇਸ਼ਕਾਂ ਦਾ ਕਹਿਣਾ ਹੈ ਕਿ ਬਿਲਡਰ ਉਨ੍ਹਾਂ ਨੂੰ ਮੁੜ ਤੋਂ ਬੇਵਕੂਫ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਲਡਰ ਜੇਕਰ ਫੰਡਾਂ ਦਾ ਪ੍ਰਬੰਧ ਕਰਨ ਲਈ ਜਾਂਦਾ ਤਾਂ ਇਕੱਲਾ ਜਾਂਦਾ, ਪਰ ਉਹ ਤਾਂ ਆਪਣੇ ਪੂਰੇ ਪਰਿਵਾਰ ਨਾਲ ਫ਼ਰਾਰ ਹੋ ਗਿਆ ਹੈ। ਉਨ੍ਹਾਂ ਪੁਲੀਸ ਤੋਂ ਬਿਲਡਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।